ਪੱਤਰ ਪ੍ਰੇਰਕ
ਡੱਬਵਾਲੀ, 5 ਜੂਨ
ਨਗਰ ਕੌਂਸਲ ਚੋਣਾਂ ਵਿਚਕਾਰ ਅੱਜ ਸੀਨੀਅਰ ਕਾਂਗਰਸ ਆਗੂ ਡਾ. ਕੇਵੀ ਸਿੰਘ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਅਮਿਤ ਸਿਹਾਗ ਨੂੰ ਅੱਜ ਪਰਿਵਾਰਕ ਤੌਰ ’ਤੇ ਵੱਡਾ ਸਿਆਸੀ ਝਟਕਾ ਲੱਗਿਆ। ਡਾ. ਕੇਵੀ ਸਿੰਘ ਦੇ ਸਕੇ ਭਤੀਜੇ ਅਤੇ ਕਾਂਗਰਸ ਆਗੂ ਸੰਦੀਪ ਚੌਧਰੀ ਅੱਜ ਇੰਡੀਅਨ ਨੈਸ਼ਨਲ ਲੋਕਦਲ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਇਹ ਐਲਾਨ ਡੱਬਵਾਲੀ ਰਿਹਾਇਸ਼ ’ਤੇ ਅੱਜ ਇਨੈਲੋ ਦੇ ਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਦੀ ਮੌਜੂਦਗੀ ਵਿੱਚ ਕੀਤਾ। ਅਭੈ ਚੌਟਾਲਾ ਨੇ ਉਨ੍ਹਾਂ ਪਾਰਟੀ ਵਿੱਚ ਪੂਰੇ ਮਾਣ-ਸਤਿਕਾਰ ਦਾ ਭਰੋਸਾ ਦਿੱਤਾ। ਇਸ ਮੌਕੇ ਇਨੈਲੋ ਦੇ ਚੇਅਰਮੈਨ ਉਮੀਦਵਾਰ ਟੇਕਚੰਦ ਛਾਬੜਾ ਵੀ ਮੌਜੂਦ ਸਨ। ਸੰਦੀਪ ਚੌਧਰੀ ਦੀ ਨਗਰ ਪ੍ਰੀਸ਼ਦ ਚੋਣਾਂ ਸਮੇਂ ਸਿਆਸੀ ਫੇਰਬਦਲੀ ਨਾਲ ਕਾਂਗਰਸ ਦੀ ਚੋਣ ਮੁਹਿੰਮ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।