ਸਤਪਾਲ ਰਾਮਗੜ੍ਹੀਆ
ਪਿਹੋਵਾ, 16 ਜੂਨ
ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਪਿਹੋਵਾ ਨੰਦ ਕਲੋਨੀ-2 ਦੀ ਰਹਿਣ ਵਾਲੀ ਸਾਕਸ਼ੀ 12ਵੀਂ ਦੇ ਹਰਿਆਣਾ ਸਿੱਖਿਆ ਬੋਰਡ ਦੇ ਪ੍ਰੀਖਿਆ ਦੇ ਨਤੀਜਿਆਂ ’ਚ ਸੂਬੇ ਭਰ ਵਿੱਚ ਦੂਜੇ ਸਥਾਨ ’ਤੇ ਰਹੀ। ਸਾਕਸ਼ੀ ਨੇ ਕਾਮਰਸ ਵਿਸ਼ੇ ਵਿੱਚ 500 ਵਿੱਚੋਂ 496 ਅੰਕ ਪ੍ਰਾਪਤ ਕੀਤੇ ਹਨ। ਸਾਕਸ਼ੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਅਤੇ ਅਧਿਆਪਕਾਂ ਨੂੰ ਦਿੰਦੀ ਹੈ। ਸਾਕਸ਼ੀ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਬਾਬਾ ਸ਼ਰਵਣ ਨਾਥ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਾਕਸ਼ੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਮਾਪਿਆਂ ਦਾ ਮਾਣ ਵਧਾਇਆ ਹੈ ਅਤੇ ਸਕੂਲ ਦਾ ਨਾਂ ਵੀ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ, ਜਮਾਤ ਇੰਚਾਰਜ ਸੋਨਿਕਾ ਜਿੰਦਲ, ਅੰਗਰੇਜ਼ੀ ਅਧਿਆਪਕਾ ਸਪਨਾ ਨੇ ਸਾਕਸ਼ੀ ਨੂੰ ਵਧਾਈ ਦਿੱਤੀ। ਸਾਕਸ਼ੀ ਦੇ ਪਿਤਾ ਰਾਮ ਸਿੰਘ ਆਟਾ ਚੱਕੀ ਚਲਾਉਂਦੇ ਹਨ ਅਤੇ ਮਾਂ ਸੰਤੋਸ਼ ਘਰੇਲੂ ਔਰਤ ਹੈ।