ਪੱਤਰ ਪ੍ਰੇਰਕ
ਪਿਹੋਵਾ, 22 ਅਗਸਤ
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਵਿਕਾਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਪਿਹੋਵਾ ਦੇ ਪਿੰਡਾਂ ਵਿਚ ਸ਼ਹਿਰਾਂ ਦੀ ਤਰਜ਼ ‘ਤੇ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 8 ਵਿੱਚ ਇੱਕ ਇੰਨਡੋਰ ਹਾਲ ਬਣਾਇਆ ਜਾਵੇਗਾ, ਜਿਸ ਵਿੱਚ ਬੈਡਮਿੰਟਨ, ਟੇਬਲ ਟੈਨਿਸ, ਜਿਮਨਾਸਟਿਕ, ਅਥਲੈਟਿਕਸ ਸਮੇਤ ਕਈ ਖੇਡਾਂ ਲਈ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਸੰਬਧੀ ਖੇਡ ਵਿਭਾਗ ਨੇ ਆਪਣਾ ਬਜਟ ਤਿਆਰ ਕਰ ਲਿਆ ਹੈ। ਖੇਡ ਮੰਤਰੀ ਸੰਦੀਪ ਸਿੰਘ ਨੇ ਦੱਸਿਆ ਕਿ ਗਊਚਰਾਂਦ ਨੇੜੇ ਨਗਰ ਪਾਲਿਕਾ ਦੀ ਕਰੀਬ ਸਾਢੇ ਛੇ ਏਕੜ ਖਾਲੀ ਪਈ ਜ਼ਮੀਨ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਖੇਡ ਕੰਪਲੈਕਸ ਬਣਾਇਆ ਜਾਵੇਗਾ, ਜਿਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।