ਨਿਜੀ ਪੱਤਰ ਪ੍ਰੇਰਕ
ਅੰਬਾਲਾ, 17 ਅਕਤੂਬਰ
ਇੱਥੇ ਅੰਬਾਲਾ ਕੈਂਟ ਦੇ ਮਹੇਸ਼ ਨਗਰ ਵਿਚ ਨੌਜਵਾਨ ਲੜਕੇ ਅਤੇ ਲੜਕੀ ਨੇ ਮਹਿਲਾ ਨੂੰ ਕਾਰ ਵਿਚ ਲਿਫ਼ਟ ਦੇ ਕੇ ਸ਼ਹਿਰੋਂ ਦੂਰ ਲਿਜਾ ਕੇ ਲੁੱਟ ਲਿਆ। ਮਹੇਸ਼ ਨਗਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਿੰਦਰ ਕੌਰ ਪਤਨੀ ਜਗਮੇਲ ਸਿੰਘ ਵਾਸੀ ਉੱਪਰਲੀ ਧਮੌਲੀ ਥਾਣਾ ਸ਼ਾਹਜ਼ਾਦਪੁਰ ਨੇ ਦੱਸਿਆ ਕਿ ਉਹ ਕੱਲ੍ਹ ਸਵੇਰੇ ਕੈਂਟ ਦੀ ਰਾਮ ਕਿਸ਼ਨ ਕਾਲੋਨੀ ਵਿਚ ਆਪਣੀ ਭੈਣ ਨੂੰ ਮਿਲਣ ਆਈ ਸੀ। ਏਟੀਐਮ ਵਿੰਚੋਂ 10 ਹਜ਼ਾਰ ਰੁਪਏ ਕਢਾਉਣ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਚੌਕ ਵਿਚ ਥ੍ਰੀ ਵੀਲ੍ਹਰ ਦੀ ਉਡੀਕ ਵਿਚ ਖੜ੍ਹੀ ਸੀ। ਇਸ ਦੌਰਾਨ ਸਫ਼ੇਦ ਰੰਗ ਦੀ ਕਾਰ ਵਿਚ ਬੈਠੀ ਲੜਕੀ ਨੇ ਉਸ ਨੂੰ ਗੋਪਾਲ ਡੇਅਰੀ ਬਾਰੇ ਪੁੱਛਿਆ। ਉਸ ਨੇ ਕਿਹਾ ਕਿ ਮੈਂ ਵੀ ਉੱਧਰ ਹੀ ਜਾਣਾ ਹੈ। ਉਨ੍ਹਾਂ ਨੇ ਮਹਿਲਾ ਨੂੰ ਕਾਰ ਵਿਚ ਬਿਠਾ ਲਿਆ। ਗੋਪਾਲ ਡੇਅਰੀ ਲਾਗੇ ਰੁਕਣ ਦੀ ਥਾਂ ਕਾਰ ਚਲਾ ਰਿਹਾ ਲੜਕਾ ਕਾਰ ਸਾਹੇ ਵੱਲ ਭਜਾ ਕੇ ਲੈ ਗਿਆ। ਛੋਟਾ ਖੁੱਡਾ ਲੰਘਦਿਆਂ ਹੀ ਲੜਕੀ ਨੇ ਚਾਕੂ ਦਿਖਾ ਕੇ 13 ਹਜ਼ਾਰ 750 ਰੁਪਏ ਨਕਦ, ਸੋਨੇ ਦੀ ਚੇਨ ਅਤੇ ਟਾਪਸ ਲੁੱਟ ਕੇ ਉਸ ਨੂੰ ਹਾਂਡਾ ਕੰਪਨੀ ਨੇੜੇ ਉਤਾਰ ਕੇ ਫ਼ਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।