ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਮਈ
ਐਂਬੂਲੈਂਸਾਂ ਦੀ ਕਮੀ ਨੂੰ ਦੂਰ ਕਰਨ ਲਈ ਹਰਿਆਣਾ ਸਰਕਾਰ ਨੇ ਨਿਰਦੇਸ਼ ਜਾਰੀ ਕਰਕੇ ਰੋਡਵੇਜ਼ ਦੇ ਹਰੇਕ ਡਿੱਪੂ ਨੂੰ 5-5 ਗੁਲਾਬੀ ਬੱਸਾਂ ਐਂਬੂਲੈਂਸਾਂ ਵਿਚ ਬਦਲਣ ਲਈ ਕਿਹਾ ਹੈ ਜਿਸ ਦੇ ਚਲਦਿਆਂ ਅੰਬਾਲਾ ਡਿੱਪੂ ਦੀਆਂ 5 ਗੁਲਾਬੀ ਬੱਸਾਂ ਐਂਬੂਲੈਂਸਾਂ ਵਿਚ ਬਦਲੀਆਂ ਜਾ ਰਹੀਆਂ ਹਨ। ਅੰਬਾਲਾ ਡਿਪੋ ਦੇ ਜਨਰਲ ਮੈਨੇਜਰ ਮੁਨੀਸ਼ ਸਹਿਗਲ ਨੇ ਦੱਸਿਆ ਕਿ ਇਨ੍ਹਾਂ ਐਂਬੂਲੈਂਸਾਂ ਵਿਚ ਚਾਲਕ ਦੀ ਸੁਰੱਖਿਆ ਲਈ ਵੱਖਰਾ ਕੈਬਿਨ ਬਣਾਇਆ ਗਿਆ ਹੈ। ਹਰੇਕ ਐਂਬੂਲੈਂਸ ਵਿਚ 3 ਤੋਂ 4 ਆਕਸੀਜਨ ਬੈੱਡ ਤੇ ਇਕ-ਇਕ ਸਟਰੈਚਰ ਹੋਵੇਗਾ। ਉਨ੍ਹਾਂ ਕਿਹਾ ਕਿ ਬੱਸਾਂ ਤੋਂ ਬਣਾਈਆਂ ਇਹ ਐਂਬੂਲੈਂਸਾਂ ਸਿਹਤ ਵਿਭਾਗ ਨੂੰ ਸੌਂਪੀਆਂ ਜਾਣੀਆਂ ਹਨ।
ਜਾਅਲੀ ਆਕਸੀਮੀਟਰ ਐਪ ਨਾਲ ਸਬੰਧਿਤ ਲਿੰਕ ’ਤੇ ਕਲਿੱਕ ਨਾ ਕਰੋ: ਐੱਸਐੱਸਪੀ
ਅੰਬਾਲਾ ਦੇ ਐੱਸਐੱਸਪੀ ਹਾਮਿਦ ਅਖ਼ਤਰ ਨੇ ਆਮ ਨਾਗਰਿਕਾਂ ਨੂੰ ਸਾਵਧਾਨ ਕਰਦਿਆਂ ਅਪੀਲ ਕੀਤੀ ਹੈ ਕਿ ਆਨਲਾਈਨ ਫਰਾਡ ਕਰਨ ਵਾਲੇ ਠੱਗਾਂ ਵੱਲੋਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਜਾਅਲੀ ਆਨਲਾਈਨ ਆਕਸੀਮੀਟਰ ਐਪ ਬਣਾ ਕੇ ਇੰਟਰਨੈੱਟ ਅਤੇ ਮੋਬਾਈਲ ਫੋਨ ’ਤੇ ਭੇਜੀ ਜਾ ਰਹੀ ਹੈ ਜਿਸ ’ਤੇ ਕਲਿੱਕ ਕਰਨ ਨਾਲ ਕਿਸੇ ਤਰ੍ਹਾਂ ਦੀ ਵੀ ਠੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਲਿੰਕ ਨਾਲ ਹੈਕਰ ਬੜੀ ਅਸਾਨੀ ਤੁਹਾਡੇ ਬੈਂਕ ਨਾਲ ਸਬੰਧਿਤ ਜਾਣਕਾਰੀ ਹਾਸਲ ਕਰ ਕੇ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਐਪਾਂ ਪ੍ਰਤੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ।