ਪੱਤਰ ਪ੍ਰੇਰਕ
ਰਤੀਆ, 14 ਅਕਤੂਬਰ
ਰਤੀਆ ਵਿੱਚ ਹੋਈ ਤੇਜ਼ ਬਾਰਸ਼ ਮਗਰੋਂ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਗਤ ਸਿੰਘ ਚੌਕ, ਫਤਿਆਬਾਦ ਰੋਡ ਤੇ ਸਰਦੂਲਗੜ੍ਹ ਕੈਂਚੀ ਚੌਕ, ਟੋਹਾਣਾ ਰੋਡ ਅਤੇ ਕੈਂਟਰ ਯੂਨੀਅਨ ਕੋਲ ਕਈ ਕਈ ਫੁੱਟ ਪਾਣੀ ਖੜ੍ਹਨ ਕਾਰਨ ਵਾਹਨ ਚਾਲਕ ਅਤੇ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹੋਏ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਸ਼ਹਿਰ ਵਿਚ ਰਸਤੇ ਬਦਲ ਕੇ ਆਪਣੀਆਂ ਮੰਜ਼ਲਾਂ ਵੱਲ ਜਾਣਾ ਪਿਆ। ਨਗਰਪਾਲਿਕਾ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰਮਚਾਰੀਆਂ ਦੀ ਲਗਾਈ ਗਈ ਵਿਸ਼ੇਸ਼ ਡਿਊਟੀ ਦੇ ਬਾਵਜੂਦ ਕਈ ਘੰਟੇ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਬਾਰਸ਼ ਹੋਣ ’ਤੇ ਸ਼ਹਿਰ ਦੀਆਂ ਜ਼ਿਆਦਾਤਰ ਥਾਵਾਂ ’ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ। ਕੁੱਝ ਜਗ੍ਹਾ ’ਤੇ ਦੁਕਾਨਾਂ ਵਿਚ ਵੀ ਬਰਸਾਤੀ ਪਾਣੀ ਦਾਖ਼ਲ ਹੋ ਜਾਂਦਾ ਹੈ, ਪਰ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਢੁਕਵੀਂ ਵਿਵਸਥਾ ਨਹੀਂ ਕੀਤੀ ਜਾਂਦੀ।
ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਿਚ ਸੀਵਰੇਜ ਤੋਂ ਅਲੱਗ ਬਰਸਾਤੀ ਪਾਣੀ ਦੀ ਨਿਕਾਸੀ ਪਾਈਪ ਪਾਈ ਜਾਵੇ ਤਾਂ ਕਿ ਸਮੇਂ ਸਿਰ ਪਾਣੀ ਬਾਹਰ ਨਿਕਲ ਸਕੇ। ਇਸ ਸਬੰਧੀ ਜਦੋਂ ਨਗਰਪਾਲਿਕਾ ਸਕੱਤਰ ਪੰਕਜ ਗੁਰਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫਤਿਆਬਾਦ ਰੋਡ ’ਤੇ ਸੀਵਰੇਜ ਜਾਮ ਹੋਣ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ, ਉਥੇ ਡਿਊਟੀ ਲਗਾ ਕੇ ਸੀਵਰੇਜ ਨੂੰ ਖੁੱਲ੍ਹਵਾਇਆ ਗਿਆ ਸੀ। ਜਿਸ ਤੋਂ ਬਾਅਦ ਬਰਸਾਤੀ ਪਾਣੀ ਦੀ ਨਿਕਾਸੀ ਹੋ ਗਈ ਸੀ।