ਫਰੀਦਾਬਾਦ: ਇਥੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੂਚਨਾ ਦੇ ਆਧਾਰ ’ਤੇ ਆਲਟੋ ਗੱਡੀ ’ਚ ਸਵਾਰ ਹੋ ਕੇ ਗਾਂਜਾ ਡਿਲੀਵਰੀ ਕਰਨ ਜਾ ਰਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਸੋਹਣਾ ਰੋਡ, ਹਿੱਲੀ ਕਲੋਨੀ ਵਿੱਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਕੀਤੀ ਤਾਂ ਕੁਝ ਦੇਰ ਬਾਅਦ ਇੱਕ ਆਲਟੋ ਕਾਰ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਦੋਵਾਂ ਮੁਲਜ਼ਮਾਂ ਨੂੰ ਆਲਟੋ ਗੱਡੀ ਵਿੱਚੋਂ ਬਰਾਮਦ 2.584 ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਰਾਂ ਵਿੱਚ ਨਾਜਾਇਜ਼ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਮੁਲਜ਼ਮ ਉੜੀਸਾ, ਆਗਰਾ ਅਤੇ ਪਲਵਲ ਤੋਂ ਗਾਂਜਾ ਖਰੀਦ ਕੇ ਦਿੱਲੀ, ਗਾਜ਼ੀਆਬਾਦ, ਨੋਇਡਾ, ਗੁਰੂਗ੍ਰਾਮ, ਪਲਵਲ ਅਤੇ ਫਰੀਦਾਬਾਦ ਵਿੱਚ ਸਪਲਾਈ ਕਰਦੇ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਾਜਾਇਜ਼ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਮੁਲਜ਼ਮਾਂ ਖ਼ਿਲਾਫ਼ ਪਲਵਲ ਦੇ ਹਸਨਪੁਰ ਥਾਣੇ ’ਚ ਹੱਤਿਆ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਅਸ਼ੋਕ ਨੇ ਦੱਸਿਆ ਕਿ 14 ਦਸੰਬਰ ਦੀ ਘਟਨਾ ਤੋਂ ਬਾਅਦ ਉਹ ਮਥੁਰਾ ’ਚ ਲੁਕ ਗਿਆ ਅਤੇ ਉਸ ਦੀ ਮੁਲਾਕਾਤ ਅਮਿਤ ਨਾਲ ਹੋਈ। ਦੋਵੇਂ ਮੁਲਜ਼ਮ ਪਿਛਲੇ 7-8 ਮਹੀਨਿਆਂ ਤੋਂ ਗਾਂਜਾ ਸਪਲਾਈ ਕਰਨ ਦਾ ਕੰਮ ਕਰ ਰਹੇ ਹਨ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਮੁਲਜ਼ਮ ਅਮਿਤ ਨੂੰ ਨੀਮਕਾ ਜੇਲ੍ਹ ਲੈ ਜਾਇਆ ਗਿਆ ਹੈ ਅਤੇ ਮੁਲਜ਼ਮ ਅਸ਼ੋਕ ਨੂੰ 3 ਦਿਨਾਂ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। -ਪੱਤਰ ਪ੍ਰੇਰਕ