ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੂਨ
ਹਰਿਆਣਾ ਵਿੱਚ ਦੋ ਦਿਨ ਪਹਿਲਾਂ ਹੋਈਆਂ 18 ਨਗਰ ਕੌਂਸਲ ਅਤੇ 28 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ 22 ਜੂਨ ਨੂੰ ਐਲਾਨੇ ਜਾਣਗੇ, ਜਿਸ ਮਗਰੋਂ 840 ਵਾਰਡਾਂ ਦੇ 3097 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਜ਼ਾਹਰ ਹੋ ਜਾਵੇਗਾ। ਇਨ੍ਹਾਂ ਚੋਣ ਨਤੀਜਿਆਂ ਵਿੱਚ ਮੁੱਖ ਤੌਰ ’ਤੇ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਅਤੇ ‘ਆਪ’ ਵਿੱਚ ਟੱਕਰ ਦਿੱਖ ਰਹੀ ਹੈ। ਇਸ ਵਾਰ ਕਾਂਗਰਸ ਪਾਰਟੀ ਮੈਦਾਨ ਵਿੱਚੋਂ ਬਾਹਰ ਦਿਖਾਈ ਦੇ ਰਹੀ ਹੈ। ਵੋਟਾਂ ਦੀ ਗਿਣਤੀ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਗਿਣਤੀ ਏਜੰਟ ਨੂੰ ਤਾਇਨਾਤ ਕਰ ਦਿੱਤਾ ਹੈ। ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਸੱਤਾਧਾਰੀ ਧਿਰ ਭਾਜਪਾ ਅਤੇ ਜੇਜੇਪੀ ਗਠਜੋੜ ਲਈ ਜਿੱਤ ਵੱਕਾਰ ਦਾ ਸਵਾਲ ਬਣੀ ਹੋਈ ਹੈ। ਇਸੇ ਕਰਕੇ ਮੁੱਖ ਮੰਤਰੀ ਖੱਟਰ, ਹਰਿਆਣਾ ਭਾਜਪਾ ਦੇ ਪ੍ਰਧਾਨ ਧਨਖੜ ਤੇ ਜੇਜੇਪੀ ਦੇ ਸੀਨੀਅਰ ਆਗੂ ਦੁਸ਼ਿਅੰਤ ਚੌਟਾਲਾ ਸਰਗਰਮ ਰਹੇ ਹਨ।