ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਅਗਸਤ
ਇੱਥੇ ਅੱਜ ਵਿਧਾਇਕ ਮੇਵਾ ਸਿੰਘ ਦੀ ਅਗਵਾਈ ਹੇਠ ਬਾਬੈਨ ਵਿਚ ਧਰਮ ਰਾਜ ਤੇ ਦਇਆ ਨੰਦ ਸੈਣੀ ਹਮੀਦ ਪੁਰ ਇਨੈਲੋ ਛੱਡ ਕੇ ਆਪਣੇ ਸਾਥੀਆਂ ਸਣੇ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਮੌਕੇ ਮੇਵਾ ਸਿੰਘ ਨੇ ਕਿਹਾ ਕਿ ਅੱਜ ਭਾਜਪਾ ਦੇ ਨੇਤਾ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਤਾਨਾਸ਼ਾਹੀ ’ਤੇ ਉਤਾਰੂ ਹੋ ਗਏ ਹਨ। ਸਰਕਾਰ ਲੋਕਾਂ ਦੀ ਆਵਾਜ਼ ਸੁਣ ਕੇ ਉਸ ਦਾ ਹੱਲ ਕਰਨ ਦੀ ਬਜਾਏ ਡੰਡੇ ਦੇ ਜ਼ੋਰ ਨਾਲ ਉਨਾਂ ਦੀ ਆਵਾਜ਼ ਦਬਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੇ ਹਨ ਪਰ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਨਹੀਂ ਹੋਈ ਬਲਕਿ ਫਸਲਾਂ ਦੀ ਲਾਗਤ ਜ਼ਰੂਰ ਦੁੱਗਣੀ ਹੋ ਗਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਰਾਜ ਹੱਠ ਤਿਆਗ ਕੇ ਕਿਸਾਨਾਂ ਦੀ ਗੱਲ ਮੰਨੇ ਤੇ ਤਿੰਨੇ ਕਾਲੇ ਖੇਤੀ ਕਾਨੂੰਲ ਰੱਦ ਕਰ ਕਿਸਾਨਾਂ ਨੂੰ ਰਾਹਤ ਦੇਣ ਦਾ ਕੰਮ ਕਰੇ। ਇਸ ਮੌਕੇ ਸੰਜੀਵ ਭੁੱਖੜੀ, ਜੈ ਪਾਲ ਸੰਚਾਲ, ਸੰਜੀਵ ਚੋਪੜਾ, ਰਾਮ ਪਾਲ ਸੈਣੀ, ਪ੍ਰਵੀਣ ਸਿੰਗਲਾ, ਮੇਘ ਰਾਜ ਚਕਚਾਨ ਪੁਰ ਮੌਜੂਦ ਸਨ।