ਅੰਬਾਲਾ: ਕਰਨਾਲ ਦੇ ਮਿੰਨੀ ਸਕੱਤਰੇਤ ਅੱਗੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੇ ਸਮਰਥਨ ਲਈ ਅੱਜ ਪੰਜਾਬ ਤੋਂ ਕਰੀਬ ਹਜ਼ਾਰ ਗੱਡੀਆਂ ਦੇ ਵੱਖ ਵੱਖ ਕਾਫ਼ਲੇ ਸ਼ੰਭੂ ਟੌਲ ਪਲਾਜ਼ਾ ’ਤੇ ਪਹੁੰਚੇ ਜਿੱਥੇ ਧਰਨੇ ’ਤੇ ਬੈਠੇ ਅੰਬਾਲਾ ਦੇ ਕਿਸਾਨਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ ਨੇ ਦੱਸਿਆ ਕਿ ਸਾਰਾ ਦਿਨ ਕਾਫ਼ਲਿਆਂ ਦਾ ਆਉਣਾ ਜਾਰੀ ਰਿਹਾ। ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਵਜਿੰਦਰ ਸਿੰਘ ਕੰਬੋਜ ਨੇ ਪੰਜਾਬ ਤੋਂ ਆਏ ਕਿਸਾਨ ਆਗੂਆਂ ਨੂੰ ਸਿਰੋਪੇ ਭੇਟ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕੁਝ ਕਿਸਾਨ ਕਰਨਾਲ ’ਚ ਡੇਰਾ ਲਾਉਣਗੇ ਤੇ ਬਾਕੀ ਅੱਗੇ ਸਿੰਘੂ ਬਾਰਡਰ ਲਈ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ ਸ਼ੰਭੂ ਟੌਲ ਪਲਾਜ਼ਾ ’ਤੇ ਸਾਰੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ