ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਜੁਲਾਈ
ਨਹਿਰੀ ਵਿਭਾਗ ਵੱਲੋਂ ਪਿੰਡ ਭੁਖੜੀ ਕੋਲ ਸਥਿਤ ਸਰਸਵਤੀ ਨਦੀ ’ਤੇ ਬਣੇ ਪੁਲ ਦੇ ਥੱਲੇ ਲੋਹੇ ਦਾ ਜਾਲ ਲਾ ਦੇੇਣ ਕਰਕੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੁਲ ਦੇ ਥਲੇ ਜਾਲ ਲਾ ਦੇਣ ਨਾਲ ਬਰਸਾਤੀ ਦਿਨਾਂ ’ਚ ਸਰਸਵਤੀ ਨਦੀ ਵਿਚ ਖੜ੍ਹੀ ਜਲ ਖੁੰਬੀ ਤੇ ਹੋਰ ਕਬਾੜ ਜਾਲ ਵਿਚ ਫਸ ਜਾਏਗਾ ਤੇ ਨਦੀ ਵਿਚ ਵਗਣ ਵਾਲਾ ਪਾਣੀ ਪੁਲ ਦੇ ਥੱਲਿਉਂ ਨਾ ਜਾ ਕੇ ਓਵਰਫਲੋ ਹੋ ਕੇ ਪਿੰਡ ਵਿਚ ਵੜੇਗਾ ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ।
ਨਦੀ ਦੇ ਨਾਲ ਹੀ ਸਕੂਲ ਹੈ ਤੇ ਜਾਲ ਦੇ ਕਾਰਨ ਪਾਣੀ ਸਕੂਲ ਅੰਦਰ ਵੀ ਜਾ ਸਕਦਾ ਹੈ ਜੋ ਛੋਟੇ ਛੋਟੇ ਬੱਚਿਆਂ ਲਈ ਨੁਕਸਾਨ ਦੇਹ ਹੋ ਸਕਦਾ ਹੈ। ਪਿੰਡ ਦੇ ਸੁਖਵਿੰਦਰ ਸਿੰਘ, ਤਰਸੇਮ ਕੁਮਾਰ, ਗੋਲਡੀ, ਡਾ. ਜਨਕ ਰਾਜ, ਕੁਲਦੀਪ ਸਿੰਘ ਆਦਿ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿੰਡ ਕੋਲੋਂ ਸਰਸਵਤੀ ਨਦੀ ਲੰਘਦੀ ਹੈ ਜਿਸ ਵਿਚ ਵੱਡੀ ਮਾਤਰਾ ਵਿਚ ਜਲ ਖੁੰਬੀ ਖੜੀ ਹੈ ਵੈਸੇ ਤਾਂ ਮਨਰੇਗਾ ਸਕੀਮ ਤਹਿਤ ਨਹਿਰ ਦੀ ਸਫਾਈ ਕਰ ਕੇ ਖਾਨਾ ਪੂਰਤੀ ਕੀਤੀ ਗਈ ਹੈ ਪਰ ਉਸ ਦੇ ਬਾਵਜੂਦ ਵੀ ਜਲ ਖੁੰਬੀ ਜਿਉਂ ਦੀ ਤਿਉਂ ਖੜੀ ਹੈ। ਉਨਾਂ ਦਾ ਕਹਿਣਾ ਹੈ ਕੇ ਬਰਸਾਤੀ ਮੌਸਮ ਹੈ ਤੇ ਭਾਰੀ ਬਰਸਾਤ ਹੋਣ ’ਤੇ ਸਾਰਾ ਪਾਣੀ ਨਹਿਰ ’ਚ ਹੀ ਲੰਘਦਾ ਹੈ ਤੇ ਨਦੀ ਵਿਚ ਖੜੀ ਜਲ ਖੁੰਬੀ ਜਾਲ ਵਿਚ ਫਸ ਜਾਏਗੀ ਤੇ ਨਦੀ ਦਾ ਪਾਣੀ ਓਵਰ ਫਲੋ ਹੋ ਕੇ ਪੁਲ ਦੇ ਨਾਲ ਬਣੀ ਇੰਦਰਾ ਕਾਲੋਨੀ ਦੇ ਨਾਲ ਨਾਲ ਪਿੰਡ ਵਿਚ ਵੀ ਵੜ ਜਾਏਗਾ ਤੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋਣ ਦਾ ਡਰ ਹੈ। ਸਕੂਲ ਵੀ ਨਾਲ ਹੋਣ ਕਰਕੇ ਬੱਚਿਆਂ ਲਈ ਇਹ ਪਾਣੀ ਜਾਨਲੇਵਾ ਸਿੱਧ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਗੁਹਾਰ ਲਾਈ ਹੈ ਕਿ ਇਹ ਜਾਲੀ ਕਿਸੇ ਹੋਰ ਥਾਂ ਲਾਈ ਜਾਏ।