ਪੱਤਰ ਪ੍ਰੇਰਕ
ਕਾਲਾਂਵਾਲੀ, 8 ਸਤੰਬਰ
ਪਿੰਡ ਮਾਖਾ ਵਾਸੀ ਗੁਰੂ ਗੋਬਿੰਦ ਸਿੰਘ ਤੇਲ ਸੋੋਧਕ ਕਾਰਖਾਨਾ ਕਣਕਵਾਲ ਤੋਂ ਨਿਕਲਣ ਵਾਲੇ ਧੂੰਏਂ ਅਤੇ ਰਸਾਇਣਕ ਗੈਸਾਂ ਦੇ ਪ੍ਰਦੂਸ਼ਣ ਤੋਂ ਬੇਹੱਦ ਦੁਖੀ ਹਨ| ਇਸ ਪਿੰਡ ਤੋਂ ਇਹ ਤੇਲ ਸੋਧਕ ਕਾਰਖਾਨਾ ਮਾਤਰ 6 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਜਿਸ ਕਾਰਨ ਇਸ ਪਿੰਡ ਦੇ ਲੋਕ ਇਸ ਦੇ ਪ੍ਰਦੂਸ਼ਣ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ|
ਪਿੰਡ ਵਾਸੀਆਂ ਪ੍ਰਦੀਪ ਸਿੰਘ ਮਾਖਾ, ਡਾ. ਅਮਰੀਕ ਸਿੰਘ, ਮੰਗਾ ਸਿੰਘ, ਪਾਲ ਸਿੰਘ, ਇੰਦਰਜੀਤ ਸਿੰਘ, ਕਾਲੂ ਸਿੰਘ, ਸੀਰਾ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਇਹ ਰਿਫਾਈਨਰੀ ਦੇ ਨੇੜੇ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਇਸ ਰਿਫਾਈਨਰੀ ਵਿੱਚੋਂ ਨਿਕਲਣ ਵਾਲੇ ਧੂੰਏਂ ਅਤੇ ਰਸਾਇਣਕ ਗੈਸਾਂ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਿਫਾਈਨਰੀ ਵਿੱਚੋਂ ਨਿਕਲ ਰਿਹਾ ਕਾਲਾ ਧੂੰਆਂ ਮਾਰੂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ| ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਪਿੰਡ ਮਾਖਾ ਦੇ ਲੋਕ ਚਮੜੀ, ਦਮਾ, ਖ਼ੰਘ ਅਤੇ ਹੋਰ ਮਾਰੂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ| ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਪਹਿਲਾਂ ਵੀ ਕਈ ਵਾਰ ਡੀਸੀ ਸਿਰਸਾ ਅਤੇ ਰਿਫਾਈਨਰੀ ਦੇ ਅਧਿਕਾਰੀਆਂ ਨੂੰ ਮਿਲ ਕੇ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਕਿਸੇ ਸਰਕਾਰੀ ਅਤੇ ਰਿਫਾਈਨਰੀ ਦੇ ਅਧਿਕਾਰੀਆਂ ’ਤੇ ਇਨ੍ਹਾਂ ਸਮੱਸਿਆਵਾਂ ਦਾ ਕੋਈ ਅਸਰ ਨਹੀਂ ਹੋ ਰਿਹਾ|
ਹੁਣ ਛੇਤੀ ਹੀ ਪਿੰਡ ਦੇ ਲੋਕ ਆਪਣੇ ਪੱਧਰ ’ਤੇ ਵੱਡਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ| ਦੂਜੇ ਪਾਸੇ ਤੇਲ ਸੋਧਕ ਕਾਰਖਾਨੇ ਦੇ ਅਧਿਕਾਰੀ ਦੱਸਦੇ ਹਨ ਕਿ ਉਨ੍ਹਾਂ ਦੀ ਰਿਫਾਈਨਰੀ ਵਾਤਾਵਰਣ ਦੇ ਬਹੁਤ ਹੀ ਅਨੁਕੂਲ ਹੈ ਪਰ ਕਦੇ ਕਦੇ ਵਾਧੂ ਮਲਬੇ ਨੂੰ ਸਾੜਨ ਕਾਰਨ ਧੂੰਏਂ ਦੀ ਸਮੱਸਿਆ ਆ ਜਾਂਦੀ ਹੈ| ਜੋ ਕਿ ਸਥਾਈ ਸਮੱਸਿਆ ਨਹੀਂ ਹੁੰਦੀ।