ਪੱਤਰ ਪ੍ਰੇਰਕ
ਫਰੀਦਾਬਾਦ, 6 ਫਰਵਰੀ
ਗ੍ਰੇਟਰ ਫਰੀਦਾਬਾਦ ਦੇ ਵਸਨੀਕਾਂ ਨੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਢੋਲ ਵਜਾ ਕੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸੇਵ ਫਰੀਦਾਬਾਦ ਸੰਸਥਾ, ਵੈਲਫੇਅਰ ਕਮੇਟੀ (ਸੈਕਟਰ 75-80) ਤੇ ਗਰੇਟਰ ਫਰੀਦਾਬਾਦ ਦੀਆਂ ਵੱਖ-ਵੱਖ ਸੁਸਾਇਟੀਆਂ ਦੇ ਆਰਡਬਲਯੂਏ ਅਧਿਕਾਰੀਆਂ ਦੀ ਅਗਵਾਈ ਵਿੱਚ ਅੱਜ ਸੈਂਕੜੇ ਨਿਵਾਸੀਆਂ ਨੇ ਭਗਵਾਨ ਕ੍ਰਿਸ਼ਨ ਚੌਕ ਤੋਂ ਡੀਪੀਐਸ ਚੌਕ ਤੱਕ ਰੋਸ ਮਾਰਚ ਕੱਢਿਆ।
ਲੋਕਾਂ ਨੇ ਕਿਹਾ ਕਿ ਸਰਕਾਰ, ਸਥਾਨਕ ਲੀਡਰਸ਼ਿਪ ਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ ਜਦੋਂ ਕਿ ਇੱਥੇ ਸੜਥਕਾਂ ’ਤੇ ਡੂੰਘੇ ਡੂੰਘੇ ਟੋਏ ਪਏ ਹੋਏ ਹਨ। ਪ੍ਰਸ਼ਾਸਨ ਨੂੰ ਲਗਾਤਾਰ ਬੇਨਤੀ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਅਧਿਕਾਰੀ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਪਾਮਸ ਰੈਜ਼ੀਡੈਂਸੀ ਸੁਸਾਇਟੀ ਦੇ ਪ੍ਰਧਾਨ ਕਿਰਨ ਦੂਬੇ ਤੇ ਸ਼ੈਰੀ ਸਕਸੈਨਾ ਨੇ ਕਿਹਾ ਕਿ ਸਰਕਾਰ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਸਕੀ। ਅੱਜ ਵੀ ਲੋਕ ਸੈਪਟਿਕ ਟੈਂਕਾਂ ਦੀ ਸਫਾਈ ਕਰਵਾਉਣ ਲਈ ਉਨ੍ਹਾਂ ’ਤੇ ਨਿਰਭਰ ਹਨ, ਟੈਂਕਰ ਮਾਫੀਆ ਪੂਰੇ ਗਰੇਟਰ ਫਰੀਦਾਬਾਦ ’ਚ ਸਿਆਸੀ ਸਰਪ੍ਰਸਤੀ ਨਾਲ ਵਧ-ਫੁੱਲ ਰਿਹਾ ਹੈ। ਹਰ ਸੁਸਾਇਟੀ ਤੋਂ ਔਸਤਨ 6-8 ਲੱਖ ਰੁਪਏ ਇਕੱਠੇ ਕੀਤੇ ਜਾਂਦੇ ਹਨ ਅਤੇ ਇਹ ਮਨੁੱਖੀ ਰਹਿੰਦ-ਖੂੰਹਦ ਨੂੰ ਆਲੇ-ਦੁਆਲੇ ਦੇ ਟੋਇਆਂ ਵਿੱਚ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਸੁੱਟ ਦਿੱਤਾ ਜਾਂਦਾ ਹੈ। ਵਿੰਗ ਕਮਾਂਡਰ (ਸੇਵਾਮੁਕਤ) ਸਤਿੰਦਰ ਦੁੱਗਲ ਨੇ ਕਿਹਾ ਕਿ ਹੁਣ ਲੋਕ ਆਪਣੇ ਘਰਾਂ ਵਿੱਚ ਚੁੱਪ ਨਹੀਂ ਬੈਠਣਗੇ। ਸੇਵ ਫਰੀਦਾਬਾਦ ਦੇ ਪ੍ਰਧਾਨ ਪਾਰਸ ਭਾਰਦਵਾਜ ਨੇ ਢੋਲ ਵਜਾ ਕੇ ਪ੍ਰਦਰਸ਼ਨ ਕੀਤਾ ਅਤੇ ਤਾਅਨਾ ਮਾਰਿਆ ਕਿ ਇਹ ਸਭ ਕੁਝ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਜਰ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ।