ਪੱਤਰ ਪ੍ਰੇਰਕ
ਰਤੀਆ, 18 ਅਕਤੂਬਰ
ਮਾਨਸਿਕ ਰੂਪ ਤੋਂ ਪ੍ਰੇਸ਼ਾਨ ਪੰਜਾਬ ਇਲਾਕੇ ਦਾ ਮਜ਼ਦੂਰ ਇੱਥੇ ਨਹਿਰ ਵਿੱਚ ਡਿੱਗ ਗਿਆ ਸੀ। ਉਸ ਦੇ ਸਾਥੀਆਂ ਨੇ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਉਸ ਨੂੰ ਇਲਾਜ ਲਈ ਇੱਥੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਨੌਜਵਾਨ ਦੀ ਪਛਾਣ ਲਾਬੀ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਨਥੇਹਾ ਥਾਣਾ ਸਾਬੋ ਦੀ ਤਲਵੰਡੀ ਪੰਜਾਬ ਦੇ ਰੂਪ ਵਿਚ ਹੋਈ ਹੈ। ਉਹ ਪਿਛਲੇ ਇਕ ਮਹੀਨੇ ਤੋਂ ਆਪਣੇ ਪਰਿਵਾਰ ਸਣੇ ਮਜ਼ਦੂਰੀ ਲਈ ਇੱਥੇ ਆਪਣੀ ਭੈਣ ਦੇ ਘਰ ਆਇਆ ਹੋਇਆ ਸੀ। ਹਸਪਤਾਲ ਵਿਚ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਬੀ ਸਿੰਘ ਅੱਜ ਸਵੇਰੇ ਜਦੋਂ ਮੰਡੀ ਵਿਚ ਕੰਮ ਲਈ ਗਿਆ ਤਾਂ ਉਹ ਕਾਫ਼ੀ ਪ੍ਰੇਸ਼ਾਨ ਸੀ। ਇਸ ਪ੍ਰੇਸ਼ਾਨੀ ਦੇ ਚੱਲਦੇ ਉਹ ਆਪਣਾ ਕੰਮ ਛੱਡ ਕੇ ਫਤਿਆਬਾਦ ਰੋਡ ਵੱਲ ਪੈਦਲ ਚਲਾ ਗਿਆ। ਇਸ ਦੌਰਾਨ ਉਹ ਨਹਿਰ ਵਿਚ ਡਿੱਗ ਗਿਆ ਤੇ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ। ਰਾਹਗੀਰਾਂ ਨੇ ਉਸ ਦੇ ਸਾਥੀ ਮਜ਼ਦੂਰਾਂ ਦੀ ਮਦਦ ਨਾਲ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।