ਪੱਤਰ ਪ੍ਰੇਰਕ
ਕਾਲਾਂਵਾਲੀ, 30 ਜੂਨ
ਖੇਤਰ ਦੇ ਪਿੰਡ ਫੱਗੂ ਵਿੱਚ ਫੱਤਾ ਰੋਡ ’ਤੇ ਸਥਿਤ ਛੱਪੜ ਦੇ ਆਲੇ ਦੁਆਲੇ ਖਾਲੀ ਪਈ ਜਗਾ ’ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਅੱਜ ਹਟਾਇਆ ਗਿਆ। ਨਾਜਾਇਜ਼ ਕਬਜ਼ਿਆਂ ਕਾਰਨ ਮੀਂਹ ਦੇ ਦਿਨਾਂ ਵਿੱਚ ਗੰਦਾ ਪਾਣੀ ਛੱਪੜ ਵਿੱਚ ਭਰਨ ਨਾਲ ਪਾਣੀ ਦੂਸ਼ਿਤ ਹੋ ਜਾਂਦਾ ਸੀ ਜਿਸ ਕਰਕੇ ਖੇਤਰ ਵਿੱਚ ਬਦਬੂ ਫੈਲ ਜਾਂਦੀ ਸੀ। ਪਿੰਡ ਵਾਸੀ ਗੁਰਮੇਲ ਸਿੰਘ ਅਤੇ ਤਰਸੇਮ ਸਿੰਘ ਨੇ ਇਸ ਸਬੰਧੀ ਬੀਡੀਪੀਓ ਬੜਾਗੁੜਾ ਦਫ਼ਤਰ ਵਿੱਚ ਸ਼ਿਕਾਇਤ ਦੇ ਕੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਬੀਡੀਪੀਓ ਬੜਾਗੁੜਾ ਰਵੀ ਕੁਮਾਰ ਬਾਗੜੀ ਬਤੌਰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤੇ ਗਏ। ਇਸ ਤੋਂ ਬਾਅਦ ਕਾਲਾਂਵਾਲੀ ਦੇ ਨਾਇਬ ਤਹਿਸੀਲਦਾਰ ਰਾਮਨਿਵਾਸ ਦੀ ਦੇਖਰੇਖ ’ਚ ਬੀਡੀਪੀਓ ਬੜਾਗੁੜਾ ਦਫ਼ਤਰ ਤੋਂ ਸਮਾਜ ਭਲਾਈ ਅਤੇ ਪੰਚਾਇਤ ਅਧਿਕਾਰੀ ਹਰਜੀਤ ਸਿੰਘ, ਪਟਵਾਰੀ ਕਸ਼ਮੀਰ ਚੰਦ, ਗਰਾਮ ਸਕੱਤਰ ਜੈ ਸਿੰਘ ਨੇ ਜੇਸੀਬੀ ਦੀ ਸਹਾਇਤਾ ਨਾਲ ਛੱਪੜ ਦੇ ਚਾਰ ਚੁਫੇਰਿਓਂ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ। ਇਸ ਮੌਕੇ ਥਾਣਾ ਰੋੜੀ ਦੇ ਮੁਖੀ ਸੁਧੀਰ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਫੋਰਸ ਤਾਇਨਾਤ ਰਹੀ।