ਪ੍ਰਭੂ ਦਿਆਲ
ਸਿਰਸਾ, 16 ਮਾਰਚ
ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਜਿੱਥੇ ਸ਼ਹੀਦ ਭਗਤ ਸਟੇਡੀਅਮ ਤੇ ਭਾਵਦੀਨ ਟੌਲ ਪਲਾਜ਼ਾ ’ਤੇ ਪੱਕਾ ਧਰਨਾ ਲਾਇਆ ਹੋਇਆ ਹੈ, ਉੱਥੇ ਹੀ ਅੱਜ ਕਿਸਾਨਾਂ ਨੇ ਸ਼ਹਿਰ ’ਚ ਸਥਿਤ ਰਿਲਾਇੰਸ ਦੇ ਵਪਾਰਿਕ ਅਦਾਰਿਆਂ ਦੇ ਬਾਹਰ ਨਾਅਰੇਬਾਜ਼ੀ ਕਰ ਕੇ ਬੰਦ ਕਰਵਾਏ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਿਲਾਇੰਸ ਦੇ ਵਪਾਰਕ ਅਦਾਰੇ ਬੰਦ ਕਰਵਾਉਣ ਸਮੇਂ ਕਿਸਾਨ ਆਗੂ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਜਟੌਲ ਪਲਾਜ਼ਿਆਂ ਨੂੰ ਪਹਿਲਾਂ ਹੀ ਕਿਸਾਨਾਂ ਨੇ ਪਰਚੀ ਮੁਕਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਅਦਾਰਿਆਂ ਦਾ ਬਾਈਕਾਟ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਐੱਮਐੱਸਪੀ ਕਾਨੂੰਨ ਦੀ ਗਾਰੰਟੀ ਨਹੀਂ ਦਿੰਦੀ।