ਪੱਤਰ ਪ੍ਰੇਰਕ
ਏਲਨਾਬਾਦ, 18 ਅਕਤੂਬਰ
ਪਿੰਡ ਅੰਮ੍ਰਿਤਸਰ ਖੁਰਦ ਵਿੱਚ ਸਥਿਤ ਗੁਰਦੁਆਰਾ ਸੱਚਖੰਡ ਵਿਖੇ ਰਹਿਤ ਮਰਿਆਦਾ ਨੂੰ ਲੈ ਕੇ ਸਿੱਖ ਸਮਾਜ ਅਤੇ ਨਾਮਧਾਰੀ ਸੰਗਤ ਵਿਚਕਾਰ ਕੱਲ੍ਹ ਸ਼ੁਰੂ ਹੋਏ ਵਿਵਾਦ ਕਾਰਨ ਪਿੰਡ ਵਿੱਚ ਅੱਜ ਵੀ ਤਣਾਅ ਵਾਲੀ ਸਥਿਤੀ ਬਣੀ ਰਹੀ। ਅੱਜ ਗੁਰਦੁਆਰੇ ਵਿੱਚ ਇੱਕ ਪਾਸੇ ਨਾਮਧਾਰੀ ਸੰਗਤ ਤੇ ਦੂਜੇ ਪਾਸੇ ਸਿੱਖ ਸੰਗਤ ਬੈਠੀ ਰਹੀ। ਵਿਵਾਦ ਦਾ ਹੱਲ ਕੱਢਣ ਲਈ ਪ੍ਰਸ਼ਾਸਨ ਵੱਲੋਂ ਏਲਨਾਬਾਦ ਦੇ ਐੱਸਡੀਐੱਮ ਵੇਦ ਪ੍ਰਕਾਸ਼, ਡੀਐੱਸਪੀ ਏਲਨਾਬਾਦ ਵਰਿੰਦਰ ਸਿੰਘ, ਡੀਐੱਸਪੀ ਡੱਬਵਾਲੀ ਕੁਲਦੀਪ ਬੈਨੀਵਾਲ, ਐੱਸਐੱਚਓ ਏਲਨਾਬਾਦ ਰਾਧੇ ਸ਼ਿਆਮ ਸ਼ਰਮਾ, ਤਹਿਸੀਲਦਾਰ ਵਿਵੇਕ ਗੋਇਲ, ਡਿਊਟੀ ਮੈਜਿਸਟਰੇਟ ਨਗਿੰਦਰ ਕੁਮਾਰ ਤੋਂ ਇਲਾਵਾ ਸਿੱਖ ਸਮਾਜ ਵੱਲੋਂ ਦਮਦਮੀ ਟਕਸਾਲ ਤੋਂ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਬਘੇਲ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਅਤੇ ਸੰਤ ਦਲੇਰ ਸਿੰਘ ਆਦਿ ਮੌਜੂਦ ਰਹੇ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਗਿਆ। ਦੱਸਣਯੋਗ ਹੈ ਕਿ ਨਾਮਧਾਰੀ ਪੰਥ ਨਾਲ ਸਬੰਧ ਰੱਖਣ ਵਾਲੀ ਸੰਗਤ ਇੱਥੇ ਨਾਮਧਾਰੀ ਰਹਿਤ ਮਰਿਆਦਾ ਅਨੁਸਾਰ, ਜਦੋਂਕਿ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ ਪੂਜਾ-ਪਾਠ ਕਰਨਾ ਚਾਹੁੰਦੀ ਹੈ। ਕੱਲ੍ਹ ਦੋਵਾਂ ਧਿਰਾਂ ਵਿਚਕਾਰ ਹੋਈ ਆਪਸੀ ਲੜਾਈ ਦੌਰਾਨ ਚਾਰ ਲੋਕ ਜ਼ਖ਼ਮੀ ਹੋ ਗਏ ਸਨ। ਉਸੇ ਸਮੇਂ ਤੋਂ ਹੀ ਪ੍ਰਸ਼ਾਸਨ ਵੱਲੋਂ ਇਸ ਮਸਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਏਲਨਾਬਾਦ ਦੇ ਐੱਸਐੱਚਓ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਅੱਜ ਹੋਏ ਫ਼ੈਸਲੇ ਅਨੁਸਾਰ ਦੋਵਾਂ ਧਿਰਾਂ ਨੂੰ ਆਪਣੇ-ਆਪਣੇ ਸਥਾਨ ’ਤੇ ਪੂਜਾ ਪਾਠ ਕਰਨ ਲਈ ਆਖਿਆ ਗਿਆ ਹੈ ਅਤੇ ਪੰਜ-ਪੰਜ ਆਦਮੀਆਂ ਦੀ ਕਮੇਟੀ ਬਣਾ ਕੇ ਪ੍ਰਸ਼ਾਸਨ ਨੂੰ ਨਾਮ ਦੇਣ ਲਈ ਕਿਹਾ ਹੈ।