ਪੱਤਰ ਪ੍ਰੇਰਕ
ਰਤੀਆ, 21 ਜੂਨ
ਡੀਸੀ ਨੇ ਰਤੀਆ ਤਹਿਸੀਲ ਦਫ਼ਤਰ ਦੇ ਰਜਿਸਟਰੀ ਕਲਰਕ ਸੁਰੇਸ਼ ਕੁਮਾਰ ਨੂੰ ਬਿਨਾਂ ਇਜਾਜ਼ਤ ਦੇ ਛੁੱਟੀ ’ਤੇ ਜਾਣ ਅਤੇ ਕੰਮ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਤਹਿਸੀਲਦਾਰ ਰਤੀਆ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਤਹਿਸੀਲ ਦਫ਼ਤਰ ਰਤੀਆ ਵਿਚ ਰਜਿਸਟਰੀਆਂ ਬਣਾਉਣ ਦੇ ਕੰਮ ਵਿਚ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਜਿਸਟਰੀ ਕਲਰਕ ’ਤੇ ਦੋਸ਼ ਹੈ ਕਿ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਦਫ਼ਤਰ ਵਿੱਚੋਂ ਚਲੇ ਗਏ। ਇਸ ਕਾਰਨ ਕੰਮ ਪ੍ਰਭਾਵਿਤ ਹੋਇਆ। ਡੀਸੀ ਪ੍ਰਦੀਪ ਕੁਮਾਰ ਨੇ ਤੁਰੰਤ ਪ੍ਰਭਾਵ ਨਾਲ ਰਜਿਸਟਰੀ ਕਲਰਕ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਤਹਿਸੀਲਦਾਰ ਰਤੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।