ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 10 ਜੁਲਾਈ
ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਆਡੀਓ ਕਲਿੱਪ ਜਾਰੀ ਕਰਦਿਆਂ ਰਾਇਸ਼ੁਮਾਰੀ-2020 ਸਬੰਧੀ ਭਲਕੇ 11 ਜੁਲਾਈ ਨੂੰ ਸਿੱਖ ਸੰਗਤ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਅਰਦਾਸ ਕਰਨ ਲਈ ਆਖਿਆ ਹੈ। ਆਡੀਓ ਰਿਲੀਜ਼ ਤੋਂ ਹੋਣ ਬਾਅਦ ਹਰਿਆਣਾ ਪੁਲੀਸ ਚੌਕਸ ਹੋ ਗਈ ਹੈ। ਦੂਜੇ ਪਾਸੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਮੈਨੇਜਰ ਅਮਰਿੰਦਰ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰਾ 6ਵੀਂ ਪਾਤਸ਼ਾਹੀ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜੋ ਮਹਿਜ਼ ਅਫ਼ਵਾਹ ਹੈ। ਇਸ ਪ੍ਰੋਗਰਾਮ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਿੱਖ ਸੰਗਤ ਨੂੰ ਇਸ ਅਫ਼ਵਾਹ ਤੋਂ ਬਚਣ ਦੀ ਅਪੀਲ ਕੀਤੀ। ਆਡੀਓ ਕਲਿੱਪ ਵਿੱਚ ਆਖਿਆ ਕਿ ਰਾਇਸ਼ੁਮਾਰੀ-2020 ਦੀ ਵੋਟਿੰਗ ਦੀ ਸ਼ੁਰੂਆਤ ਹਰਿਆਣਾ ਵਿੱਚ 11 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ। ਹਰਿਆਣਾ ਪੰਜਾਬ ਦਾ ਹਿੱਸਾ ਹੈ ਅਤੇ ਇਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ 1966 ਵਿੱਚ ਵੱਖ ਕੀਤਾ ਗਿਆ ਸੀ।