ਰਤਨ ਸਿੰਘ ਢਿੱਲੋਂ
ਅੰਬਾਲਾ, 2 ਨਵੰਬਰ
ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਅਤੇ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ (ਫਾਸਟ ਟਰੈਕ ਕੋਰਟ) ਆਰਤੀ ਸਿੰਘ ਦੀ ਅਦਾਲਤ ਨੇ ਅੱਜ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲਾਂ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਦੋਸ਼ੀ ਨੂੰ 6 ਮਹੀਨਿਆਂ ਦੀ ਵਾਧੂ ਸਜ਼ਾ ਭੁਗਤਣੀ ਹੋਵੇਗੀ।
ਇਸ ਕੇਸ ਦੀ ਪੈਰਵੀ ਕਰ ਰਹੇ ਸਰਕਾਰੀ ਵਕੀਲ ਸੁਰਜੀਤ ਸਿੰਘ ਨੇ ਦੱਸਿਆ ਕਿ ਨੱਗਲ ਪੁਲੀਸ ਨੇ ਸ਼ੇਰਪੁਰ ਵਾਸੀ ਔਰਤ ਦੀ ਸ਼ਿਕਾਇਤ ’ਤੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਖੇੜਾ ਵਾਸੀ ਸਤਬੀਰ ਸਿੰਘ ਉਰਫ਼ ਪ੍ਰੀਤ ਖ਼ਿਲਾਫ਼ ਲੜਕੀ ਨਾਲ ਜਬਰ-ਜਨਾਹ ਕਰਨ ਦਾ ਕੇਸ ਮਾਮਲਾ ਦਰਜ ਕੀਤਾ ਸੀ। ਔਰਤ ਨੇ ਦੱਸਿਆ ਸੀ ਕਿ ਸਤਬੀਰ ਸਿੰਘ ਉਰਫ਼ ਪ੍ਰੀਤ ਉਸ ਦੀ 15 ਸਾਲਾ ਬੇਟੀ ਨੂੰ ਸ਼ਾਦੀ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਸੀ ਅਤੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਪੁਲੀਸ ਨੇ 16 ਨਵੰਬਰ 2020 ਨੂੰ ਲੜਕੀ ਨੂੰ ਬਰਾਮਦ ਕਰਦਿਆਂ ਮੈਡੀਕਲ ਕਰਵਾਇਆ ਸੀ ਜਿਸ ਵਿੱਚ ਜਬਰ-ਜਨਾਹ ਦੀ ਪੁਸ਼ਟੀ ਹੋਈ ਸੀ। ਮੁਲਜ਼ਮ ਨੂੰ 18 ਨਵੰਬਰ 2020 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦੇ ਖ਼ਿਲਾਫ਼ ਕਾਰਵਾਈ ਆਰੰਭੀ ਗਈ ਸੀ।।