ਪੱਤਰ ਪ੍ਰੇਰਕ
ਜੀਂਦ, 11 ਨਵੰਬਰ
ਜੀਂਦ ਦੀ ਪੁਰਾਣੀ ਅਨਾਜ ਮੰਡੀ ਦੇ ਵਪਾਰੀ ਨਿਤਿਨ ਗੋਇਲ ਤੋਂ 10 ਲੱਖ ਦੀ ਫਿਰੌਤੀ ਪਿਸਤੋਲ ਦੇ ਬੱਲ ਉੱਤੇ ਲੈ ਕੇ ਫਰਾਰ ਹੋਏ ਆਰੋਪੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਵਪਾਰੀਆਂ ਨੇ 17 ਨਵੰਬਰ ਨੂੰ ਜੀਂਦ ਅਤੇ 30 ਨਵੰਬਰ ਨੂੰ ਪੂਰਾ ਹਰਿਆਣਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਵਪਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੇ ਦਿਨ ਹੀ ਐਸਪੀ ਨਾਲ ਮੁਲਾਕਾਤ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ, ਪਰ ਕਈ ਦਿਨ ਬੀਤੇ ਜਾਣ ਮਗਰੋਂ ਵੀ ਇਸ ਘਟਨਾ ਨਾਲ ਸਬੰਧਤ ਕਿਸੇ ਵੀ ਆਰੋਪੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਸ਼ਟਰੀ ਜਨ ਉਦਯੋਗ ਵਪਾਰ ਸੰਗਠਨ ਦੇ ਸੂਬਾਈ ਪ੍ਰਧਾਨ ਗੁਲਸ਼ਨ ਡੰਗ ਇੱਥੇ ਪਹੁੰਚੇ ਸੀ, ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਬਾਅਦ ਵਿੱਚ ਜੀਂਦ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਪ੍ਰੈਸ ਵਾਰਤਾ ਕੀਤੀ ਸੀ। ਡੰਗ ਨੇ ਕਿਹਾ ਕਿ ਮੰਡੀ ਦੀ ਜਿਸ ਦੁਕਾਨ ਵਿੱਚ ਲੋਕਲ ਬਦਮਾਸ਼ਾਂ ਨੇ ਵਪਾਰੀ ਨਾਲ 10 ਲੱਖ ਰੁਪਏ ਫਿਰੌਤੀ ਵਸੂਲੀ ਅਤੇ ਫਿਰ ਉਹ ਫਰਾਰ ਹੋ ਗਏ, ਇਹ ਕਾਨੂੰਨ ਪ੍ਰਬੰਧ ਉੱਤੇ ਬਹੁਤ ਵੱਡਾ ਸੁਆਲ ਹੈ ਅਤੇ ਪੁਲੀਸ ਹੁਣ ਤੱਕ ਇੱਕ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਸਕੀ ਹੈ ਜਦੋਂਕਿ ਬਾਕੀ ਫ਼ਰਾਰ ਹਨ।
ਇਸ ਘਟਨਾ ਨਾਲ ਜੀਂਦ ਦੇ ਵਪਾਰੀਆਂ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਨਾਲ ਸਬੰਧਿਤ ਸਾਰੇ ਆਰੋਪੀਆਂ ਦੀ ਗ੍ਰਿਫਤਾਰੀ ਲਈ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਅੱਗੇ ਕਾਲੇ ਬੈਨਰ ਲਗਾ ਕੇ ਰੋਸ ਪ੍ਰਗਟ ਕਰਨਾ ਸੀ ਪਰੰਤੂ ਇਹ ਪ੍ਰੋਗਰਾਮ ਕੁਝ ਦਿਨਾਂ ਲਈ ਟਾਲ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਆਰੋਪੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵਪਾਰੀ 17 ਨਵੰਬਰ ਨੂੰ ਜੀਂਦ ਅਤੇ 30 ਨਵੰਬਰ ਨੂੰ ਪੂਰਾ ਹਰਿਆਣਾ ਬੰਦ ਰੱਖਣ ਦੀ ਕਾਲ ਕਰਨਗੇ