ਟੋਹਾਣਾ: ਹਰਿਆਣਾ ਖੇਤੀਬਾੜੀ ਵਰਸਿਟੀ ਹਿਸਾਰ ਦੇ ਵੈਟਨਰੀ ਕਾਲਜ ਦੇ ਸੀਨੀਅਰ ਵਿਗਿਆਨੀ ਡਾ. ਸੰਦੀਪ ਗੁਪਤਾ ਦੇ ਬਿਮਾਰ ਰਿਸ਼ਤੇਦਾਰ ਲਈ ਦੋ ਰੈਮਡੇਸਿਵਿਰ ਟੀਕਿਆਂ ਬਦਲੇ ਕਾਲਾਬਾਜ਼ਾਰੀ ਵਿੱਚ 50 ਹਜ਼ਾਰ ਰੁਪਏ ਵਸੂਲਣ ’ਤੇ ਡੀਸੀ ਤੇ ਐੱਸਪੀ ਨੂੰ ਸ਼ਿਕਾਇਤ ਕੀਤੀ ਗਈ। ਪੁਲੀਸ ਨੇ ਹੁੱਡਾ ਸੈਕਟਰ-14 ਵਿੱਚ ਨਿੱਜੀ ਹਸਪਤਾਲ ਦੇ ਮੈਡੀਕਲ ਸਟੋਰ ਦੇ ਕਰਿੰਦੇ ਸ਼ੰਟੀ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲੀਸ ਸ਼ਿਕਾਇਤ ਵਿੱਚ ਡਾ. ਸੰਦੀਪ ਨੇ ਦੱਸਿਆ ਕਿ ਉਸ ਦੇ ਬੀਮਾਰ ਰਿਸ਼ਤੇਦਾਰ ਵਾਸਤੇ ਮੈਡੀਕਲ ਸਟੋਰ ਦੇ ਕਰਿੰਦੇ ਨੇ 50 ਹਜ਼ਾਰ ਰੁਪਏ ਵਿੱਚ ਹਾਮੀ ਭਰੀ ਸੀ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 6980 ਰੁਪਏ ਹਨ। ਮਜਬੂਰੀ ਵਿੱਚ ਉਨ੍ਹਾਂ ਨੇ ਕਾਲਾਬਾਜ਼ਾਰੀ ਵਿੱਚ ਟੀਕੇ ਖਰੀਦ ਕੇ ਪੁਲੀਸ ਨੂੰ ਸ਼ਿਕਾਇਤ ਭੇਜੀ ਸੀ। ਵਿਗਿਆਨੀ ਡਾ. ਸੰਦੀਪ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਦੋ ਹੋਰ ਮੈਡੀਕਲ ਸਟੋਰਾਂ ਤੋਂ 7 ਰੈਮਡੇਸਿਵਿਰ ਟੀਕੇ ਬਰਾਮਦ ਕੀਤੇ ਹਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਟੀਕੇ ਦੀ ਕਾਲਾਬਾਜ਼ਾਰੀ ਕਰਨ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ