ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਖ਼ਤਰੇ ਦੇ ਆਧਾਰ ’ਤੇ ਜ਼ੈੱਡ ਪਲੱਸ ਸੁਰੱਖਿਆ ਛਤਰੀ ਮੁਹੱਈਆ ਕਰਵਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਜੇਲ੍ਹ ਵਿੱਚ ਬੰਦ ਜਾਂ ਫਰਲੋ ’ਤੇ ਬਾਹਰ ਕਿਸੇ ਕੈਦੀ ਨੂੰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਸਰਕਾਰ ਦਾ ਫਰਜ਼ ਹੈ। ਅਧਿਕਾਰੀਆਂ ਮੁਤਾਬਕ ਰਾਮ ਰਹੀਮ ਨੂੰ ਖਾਲਿਸਤਾਨ ਪੱਖੀ ਅਨਸਰਾਂ ਤੋਂ ਜਾਨ ਦੇ ਖ਼ਤਰੇ ਦੇ ਮੱਦੇਨਜ਼ਰ 21 ਦਿਨਾਂ ਦੀ ਫਰਲੋ ਦੌਰਾਨ ਸੂਬਾ ਸਰਕਾਰ ਵੱਲੋਂ ਜ਼ੈੱਡ-ਪਲੱਸ ਸੁੁਰੱਖਿਆ ਛਤਰੀ ਮੁਹੱਈਆ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠਾਂ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ’ਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ 7 ਫਰਵਰੀ ਨੂੰ ਫਰਲੋ ’ਤੇ ਰਿਹਾਅ ਕੀਤਾ ਗਿਆ ਸੀ। ਪੰਚਕੂਲਾ ਵਿੱਚ ਇੱਕ ਸਮਾਗਮ ਮਗਰੋਂ ਖੱਟਰ ਨੇ ਕਿਹਾ, ‘‘ਇੱਕ ਕੈਦੀ ਨੂੰ ਖ਼ਤਰੇ ਦੇ ਆਧਾਰ ’ਤੇ ਸੁਰੱਖਿਆ ਦਿੱਤੀ ਜਾਂਦੀ ਹੈ।’’ ਉਨ੍ਹਾਂ ਕਿਹਾ, ‘‘ਭਾਵੇਂ, ਕੈਦੀ ਜੇਲ੍ਹ ਵਿੱਚ ਹੈ ਜਾਂ ਫਰਲੋ ’ਤੇ ਬਾਹਰ ਹੈ, ਉਸ ਦੀ ਸੁਰੱਖਿਆ ਯਕੀਨੀ ਬਣਾਉਣੀ ਸਰਕਾਰ ਦਾ ਫ਼ਰਜ਼ ਹੈ।’’ ਉਨ੍ਹਾਂ ਕਿਹਾ, ‘‘ਇਹ ਨਹੀਂ ਹੈ ਕਿ ਉਨ੍ਹਾਂ ਨੇ ਜ਼ੈੱਡ-ਪਲੱਸ ਸੁਰੱਖਿਆ ਮੰਗੀ ਸੀ… ਜਿਨ੍ਹਾਂ ਚਿਰ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਹੈ, ਸੁਰੱਖਿਆ ਮੁਹੱਈਆ ਕਰਵਾਉਣਾ ਸਾਡਾ ਕੰਮ ਹੈ।’’ -ਪੀਟੀਆਈ