ਪੱਤਰ ਪ੍ਰੇਰਕ
ਜੀਂਦ, 18 ਜੂਨ
ਕ੍ਰਾਂਤੀਕਾਰੀ ਯੁਵਾ ਸੰਗਠਨ ਅਤੇ ਹੋਰ ਜਨ ਸੰਗਠਨਾਂ ਨੇ ਸਾਂਝੇ ਰੂਪ ਨਾਲ ਸਰਕਾਰੀ ਵਿਭਾਗਾਂ ਵਿੱਚ ਸਥਾਈ ਰੁਜ਼ਗਾਰ ਨੂੰ ਖਤਮ ਕਰਕੇ ਅਤੇ ਉਨ੍ਹਾਂ ਵਿੱਚ ਠੇਕਾ ਨੀਤੀ ਲਾਗੂ ਕਰਨ ਦੇ ਵਿਰੋਧ ਵਿੱਚ ਇੱਥੇ ਨਰਵਾਣਾ ਦੇ ਸਰਕਾਰੀ ਕਾਲਜ ਦੇ ਗੇਟ ਤੋਂ ਲੈ ਕੇ ਮਿਨੀ ਸਕੱਤਰੇਤ ਨਰਵਾਣਾ ਤੱਕ ਰੋਸ ਰੈਲੀ ਕੱਢੀ। ਮਿਨੀ ਸਕੱਤਰੇਤ ਦੇ ਗੇਟ ਅੱਗੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਅਤੇ ਤਹਿਸੀਲਦਾਰ ਨੂੰ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦਿੱਤਾ।ਕੇਵਾਈਐੱਸ ਦੇ ਮੈਂਬਰ ਕੁਲਦੀਪ ਨੇ ਦੱਸਿਆ ਕਿ ਸਰਕਾਰ ਜਿਸ ਪ੍ਰਕਾਰ ਸਾਰੇ ਸਰਕਾਰੀ ਵਿਭਾਗਾਂ ਨੂੰ ਇੱਕ-ਇੱਕ ਕਰਕੇ ਪ੍ਰਾਈਵੇਟ ਕਰਕੇ ਕੰਪਨੀਆਂ ਨੂੰ ਵੇਚ ਰਹੀ ਹੈ ਅਤੇ ਉਨ੍ਹਾਂ ਵਿੱਚ ਠੇਕਾ ਪ੍ਰਥਾ ਲਾਗੂ ਕਰ ਰਹੀ ਹੈ, ਇਸ ਤੋਂ ਸਥਾਈ ਰੁਜ਼ਗਾਰ ਦੇ ਮੌਕੇ ਘੱਟ ਹੀ ਨਹੀਂ ਹੋ ਰਹੇ, ਸਗੋਂ ਦੇਸ਼ ਵਿੱਚ ਬੇ-ਰੁਜ਼ਗਾਰ ਨੌਜਵਾਨਾਂ ਦੀ ਫੌਜ ਵੀ ਤਿਆਰ ਹੋ ਰਹੀ ਹੈ। ਸਰਕਾਰ ਜਦੋਂ ਸਤਾ ਵਿੱਚ ਆਈ ਸੀ ਤਾਂ ਉਦੋਂ ਦੋ ਕਰੋੜ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਅੱਠ ਸਾਲਾਂ ਮਗਰੋਂ ਜੇ ਦੇਸ਼ ਦੇ ਹਾਲਾਤ ਉੱਤੇ ਨਜ਼ਰ ਮਾਰੀਏ ਤਾਂ ਰੁਜ਼ਗਾਰ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਵਿੱਚ ਠੇਕੇ ’ਤੇ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਦਾ ਸਭ ਤੋਂ ਵੱਧ ਨੁਕਸਾਨ ਦੇਸ਼ ਦੀ ਗਰੀਬ ਜਨਤਾ ਨੂੰ ਹੋ ਰਿਹਾ ਹੈ। ਇਨ੍ਹਾਂ ਸੰਗਠਨਾਂ ਨੇ ਰਾਸ਼ਟਰਪਤੀ ਨੂੰ ਮੈਮੋਰੰਡਮ ਭੇਟ ਕਰਕੇ ਇਹੀ ਮੰਗ ਕੀਤੀ ਹੈ ਕਿ ਸਾਰੇ ਸਰਕਾਰੀ ਵਿਭਾਗਾਂ ਵਿੱਚ ਠੇਕਾ ਪ੍ਰਥਾ ਬੰਦ ਕੀਤੀ ਜਾਵੇ ਅਤੇ ਸਾਰੇ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਇਸ ਮੌਕੇ ਉੱਤੇ ਵਿਕਰਮ, ਕੁਲਦੀਪ, ਜੋਤੀ, ਅਭਿਲਾਸ, ਅਜੈ, ਅਸ਼ਵਣੀ, ਵਿਕਾਸ, ਕੌਮਲ, ਵਰਿੰਦਰ ਢਾਕਲ ਅਤੇ ਡਿੰਪਲ ਹਾਜ਼ਰ ਸਨ।