ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਅਗਸਤ
ਆਰੀਆ ਕੰਨਿਆ ਕਾਲਜ ਦੀ ਐੱਨਸੀਸੀ ਯੂਨਿਟ ਤੇ ਰੋਟਰੈਕਟ ਕਲੱਬ ਵਲੋਂ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਮੁਹਿੰਮ ‘ਹਰ ਘਰ ਤਿਰੰਗਾ’ ਦਾ ਉਦੇਸ਼ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਤੇ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੌਮੀ ਝੰਡਾ ਸਾਡਾ ਸਵੈ ਅਭਿਮਾਨ ਹੈ ਤੇ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਅ ਕੇ ਰੱਖਣਾ ਸਾਡਾ ਫਰਜ਼ ਹੈ। ਇਸ ਦੌਰਾਨ ਕਾਲਜ ਦੀ ਐੱਨਸੀਸੀ ਅਫਸਰ ਲੈਫਟੀਨੈਂਟ ਡਾ. ਜੋਤੀ ਸ਼ਰਮਾ ਦੀ ਅਗਵਾਈ ਵਿਚ ਵਿਦਿਆਰਥਣਾਂ ਨੇ ਵੰਦੇ ਮਾਤਰਮ, ਹਰ ਘਰ ਤਿਰੰਗਾ, ਮੇਰਾ ਤਿਰੰਗਾ, ਮੇਰੀ ਸ਼ਾਨ ਆਦਿ ਦੇ ਨਾਅਰੇ ਲਾਉਂਦੇ ਹੋਏ ਸ਼ਹਿਰ ਦੀ ਵਿਜੈ ਕਲੋਨੀ, ਗੀਤਾ ਸਕੂਲ, ਸਰਕਾਰੀ ਹਸਪਤਾਲ, ਆਰੀਆ ਸਕੂਲ, ਪ੍ਰਤਾਪ ਮੰਡੀ ਤੋਂ ਇਲਾਵਾ ਸ਼ਹਿਰ ਦੇ ਹੋਰ ਹਿੱਸਿਆਂ ਵਿਚੋਂ ਲੰਘਦੇ ਹੋਏ ਸਮਾਜ ਨੂੰ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਵਲੋਂ ਰਾਹ ਵਿਚ ਲੋਕਾਂ ਨੂੰ ਰਾਸ਼ਟਰੀ ਝੰਡੇ ਵੀ ਦਿੱਤੇ ਗਏ ਤੇ ਉਨ੍ਹਾਂ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਇਸ ਮੌਕੇ ਰਿਤੂ ਮਿੱਤਲ, ਰਾਜੇਸ਼ ਅਨੰਦ, ਬਲਵਿੰਦਰ ਕੁਮਾਰ, ਸੋਨੀਆ ਤੇ ਸੁਖਵਿੰਦਰ ਆਦਿ ਹਾਜ਼ਰ ਸਨ।
ਰਤੀਆ (ਪੱਤਰ ਪ੍ਰੇਰਕ): ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ‘ਹਰ ਘਰ ਤਿਰੰਗਾ’ ਸਬੰਧੀ ਜਾਗਰੂਕਤਾ ਰੈਲੀ ਕੱਢੀ। ਰੈਲੀ ਨੂੰ ਐੱਸਡੀਐੱਮ ਡਾ. ਵਰਿੰਦਰ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਐੱਸਡੀਐੱਮ ਡਾ. ਵਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਇਸ ਵਾਰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਜਿਸ ਦੇ ਤਹਿਤ 13 ਤੋਂ 15 ਅਗਸਤ ਤੱਕ ਹਰ ਘਰ ’ਤੇ ਤਿਰੰਗਾ ਲਹਿਰਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਇਸ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਰਾਮ ਸਿੰਘ, ਗੋਬਿੰਦ ਸ਼ਰਮਾ, ਅੰਜੂ ਬਾਲਾ, ਸਸ਼ੀ ਬਾਲਾ ਤੇ ਦਵਿੰਦਰ ਸ਼ਰਮਾ ਵੀ ਹਾਜ਼ਰ ਸਨ।
ਫਰੀਦਾਬਾਦ (ਪੱਤਰ ਪ੍ਰੇਰਕ): ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਤਹਿਤ ਅੱਜ ਐਨਆਈਟੀ 5 ਸਥਿਤ ਆਈ.ਟੀ.ਆਈ ਦੇ ਸਮੂਹ ਐਨ.ਸੀ.ਸੀ ਕੈਡਿਟਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਐਨਆਈਟੀ 5 ਸਥਿਤ ਆਈ.ਟੀ.ਆਈ., ਗਾਂਧੀ ਕਲੋਨੀ ਆਈ.ਟੀ.ਆਈ ਰੋਡ, ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਕੇਸੀ ਸਿਨੇਮਾ ਹਾਲ ਤੋਂ ਹੁੰਦੀ ਹੋਈ ਮੁੜ ਸੰਸਥਾ ਵਿਖੇ ਸਮਾਪਤ ਹੋਈ। ਵਾਈਸ ਪ੍ਰਿੰਸੀਪਲ ਓਮਪ੍ਰਕਾਸ਼ ਨੇ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਲੋਕਾਂ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਰੰਗਿਆ ਜਾ ਰਿਹਾ ਹੈ। ਲੋਕਾਂ ਨੂੰ ‘ਹਰ ਘਰ ਤਿਰੰਗਾ ਅਭਿਆਨ’ ਵਿੱਚ ਭਾਗੀਦਾਰ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਫਰੀਦਾਬਾਦ ਸ਼ਹਿਰ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਦੌਰਾਨ ਵਿਦਿਆਰਥੀਆਂ ਸਮੇਤ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਨਵੀਂ ਦਿੱਲੀ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਘਰ ਘਰ ਤਿਰੰਗਾ ਦੇ ਸੱਦੇ ਨੂੰ ਦੇਸ਼ ਭਰ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਦੀ ਬਦੌਲਤ ਜਿਥੇ ਮੋਟਰ ਸਾਈਕਲ ਰੈਲੀਆਂ ਨਿਕਲ ਰਹੀਆਂ ਹਨ, ਉਥੇ ਹੀ ਲੋਕ ਘਰਾਂ ’ਤੇ ਤਿਰੰਗਾ ਲਹਿਰਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇਵ ਨਗਰ ਦੇ ਮੈਨੇਜਰ ਪ੍ਰਭਜੋਤ ਸਿੰਘ ਨੇ ਇਹ ਪ੍ਰਗਟਾਵਾ ਕੀਤਾ ਹੈ। ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹ ਖੁਦ ਇਸ ਤਿਰੰਗਾ ਮੁਹਿੰਮ ਦਾ ਹਿੱਸਾ ਬਣੇ ਹਨ ਤੇ ਉਹਨਾਂ ਨੂੰ ਤਿਰੰਗਾ ਮੋਟਰ ਸਾਈਕਲ ਰੈਲੀ ਦਾ ਹਿੱਸਾ ਬਣਨ ਦਾ ਮਾਣ ਹੈ।