ਨਿਜੀ ਪੱਤਰ ਪ੍ਰੇਰਕ
ਅੰਬਾਲਾ, 19 ਸਤੰਬਰ
ਸਾਹਾ ਥਾਣੇ ਦੇ ਤਹਿਤ ਪਸਿਆਲਾ-ਸਬਗਾ ਰੋਡ ਤੇ ਸਥਿਤ ਸ਼ਰਾਬ ਦੇ ਠੇਕੇ ਕੋਲ ਰੇਲਵੇ ਕਰਮਚਾਰੀ ਲਖਮੀ ਚੰਦ (45) ਨਿਵਾਸੀ ਪਸਿਆਲਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਾਹਾ ਪੁਲੀਸ ਨੂੰ ਦਿੱਤੇ ਬਿਆਨ ਵਿਚ ਪਸਿਆਲਾ ਨਿਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ 7.30 ਵਜੇ ਦੇ ਕਰੀਬ ਸਬਗਾ ਕੋਲ ਮਾਰਕੰਡਾ ਦਰਿਆ ਵਿਚ ਹਵਨ ਦੀ ਸਵਾਹ ਸੁੱਟਣ ਗਿਆ ਸੀ। ਵਾਪਸੀ ’ਤੇ ਉਸ ਨੇ ਦੇਖਿਆ ਕਿ ਪਸਿਆਲਾ-ਸਬਗਾ ਰੋਡ ਤੇ ਸ਼ਰਾਬ ਦੇ ਠੇਕੇ ਕੋਲ ਪੁਲੀ ਲਾਗੇ ਉਸ ਦੇ ਚਚੇਰੇ ਭਰਾ ਲਖਮੀ ਚੰਦ ਦੀ ਸਬਗਾ ਨਿਵਾਸੀ ਸਤਵੰਤ ਸਿੰਘ ਦੇ ਨਾਲ ਤੂੰ-ਤੂੰ, ਮੈਂ-ਮੈਂ ਹੋ ਰਹੀ ਸੀ। ਨਸ਼ੇ ਵਿਚ ਧੁੱਤ ਸਤਵੰਤ ਸਿੰਘ ਸ਼ਰਾਬ ਲਈ ਪੈਸੇ ਨਾ ਦੇਣ ਤੇ ਉਸ ਦੇ ਚਚੇਰੇ ਭਰਾ ਨਾਲ ਰੰਜਸ਼ ਰੱਖਦਾ ਸੀ ਅਤੇ ਕਹਿ ਰਿਹਾ ਸੀ ਕਿ ਉਹ ਪਸਿਆਲਾ ਪਿੰਡ ਦਾ ਬਾਪ ਹੈ। ਲਖਮੀ ਚੰਦ ਸਤਵੰਤ ਸਿੰਘ ਨੂੰ ਸਮਝਾ ਹੀ ਰਿਹਾ ਸੀ ਕਿ ਉਸ ਨੇ ਜੇਬ ਵਿਚੋਂ ਚਾਕੂ ਕੱਢਿਆ ਅਤੇ ਲਖਮੀ ਚੰਦ ਦੀ ਛਾਤੀ ਵਿਚ ਖੋਭ ਦਿੱਤਾ। ਚਾਕੂ ਲਗਦਿਆਂ ਹੀ ਉਹ ਜ਼ਮੀਨ ਤੇ ਡਿਗ ਪਿਆ ਅਤੇ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਆਉਣ ’ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਦੀਪ ਕੁਮਾਰ ਦੇ ਬਿਆਨ ’ਤੇ ਸਾਹਾ ਪੁਲੀਸ ਨੇ ਸਤਵੰਤ ਸਿੰਘ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਹੈ।