ਪੱਤਰ ਪ੍ਰੇਰਕ
ਏਲਨਾਬਾਦ, 23 ਜੂਨ
ਰੇਲਵੇ ਪੁਲੀਸ ਵਲੋਂ ਹਰਿਆਣਾ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਏਲਨਾਬਾਦ ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲੀਸ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ। ਸਥਾਨਕ ਜੀਆਰਪੀ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਪੁਲੀਸ ਕਪਤਾਨ ਸੁਨੀਤਾ ਕਾਲੀਆ ਦੇ ਆਦੇਸ਼ ਅਨੁਸਾਰ ਪੂਰੇ ਹਰਿਆਣਾ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਸਟੇਸ਼ਨ ਅਤੇ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਰੇਲਵੇ ਪੁਲੀਸ ਵਲੋਂ ਨਸ਼ੇ ਦੀ ਬੁਰਾਈ ਪ੍ਰਤੀ ਯਾਤਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।