ਪੱਤਰ ਪ੍ਰੇਰਕ
ਡੱਬਵਾਲੀ, 15 ਅਪਰੈਲ
ਇੱਥੇ ਕਣਕ ਖਰੀਦ ਵਿੱਚ ਆੜ੍ਹਤੀਆਂ ਵੱਲੋਂ ਮਾਰਕੀਟ ਫੀਸ ਤੇ ਹੋਰ ਸਰਕਾਰੀ ਫੰਡਾਂ ਦੀ ਚੋਰੀ ਨੂੰ ਸਰਕਾਰੀ ਸਖ਼ਤੀ ਦੇ ਬਾਵਜੂਦ ਠੱਲ੍ਹ ਨਹੀਂ ਪੈ ਰਹੀ। ਅੱਜ ਹਰਿਆਣਾ ਦੇ ਮੁੱਖ ਮੰਤਰੀ ਉਡਣ ਦਸਤੇ ਵੱਲੋਂ ਛਾਪੇਮਾਰੀ ਕਰਕੇ ਤਿੰਨ ਆੜ੍ਹਤ ਕਾਰੋਬਾਰੀ ਕੰਪਨੀਆਂ ਨੂੰ ਫੀਸ ਸਣੇ ਤਿੰਨ ਲੱਖ ਅੱਠ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
6 ਅਪਰੈਲ ਨੂੰ ਕਣਕ ਦੇ ਤਿੰਨ ਨਾਜਾਇਜ਼ ਗੁਦਾਮਾਂ ’ਤੇ ਮਾਰਕੀਟ ਫੀਸ ਚੋਰੀ ’ਚ 13 ਸੌ ਕੁਇੰਟਲ ਕਣਕ ਮਿਲੀ ਸੀ। ਮਾਮਲਾ ਭਖਣ ’ਤੇ ਪ੍ਰਸ਼ਾਸਨ ਨੇ 1.30 ਲੱਖ ਰੁਪਏ ਜੁਰਮਾਨਾ ਵਸੂਲਿਆ ਸੀ। ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਮੁੱਖ ਮੰਤਰੀ ਉਡਣ ਦਸਤੇ ਨੇ ਸਬ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਕਣਕ ਗੁਦਾਮਾਂ ’ਤੇ ਛਾਪੇਮਾਰੀ ਕੀਤੀ ਗਈ। ਉਡਣ ਦਸਤੇ ਨੂੰ ਸ਼ਿਆਮ ਜੀ ਟਰੇਡਿੰਗ ਕੰਪਨੀ +ਤੇ 100 ਕੁਇੰਟਲ ਕਣਕ ਬਗੈਰ ਮਾਰਕੀਟ ਫੀਸ ਤੇ ਐੱਚ.ਆਰ.ਡੀ.ਐੱਫ਼ ਭਰੇ ਪਾਈ। ਜਿਸਦੇ ਟੀਮ ਨੇ ਸਰਕਾਰੀ ਫੀਸ ਦੇ 80800 ਰੁਪਏ ਅਤੇ 20200 ਰੁਪਏ ਜੁਰਮਾਨਾ ਲਗਾਇਆ। ਇਸ ਤੋਂ ਇਲਾਵਾ ਅਮਿਤ ਬਾਂਸਲ ਐਂਡ ਕੰਪਨੀ ਦੇ ਗੁਦਾਮ ’ਚ ਬਿਨਾਂ ਸਰਕਾਰੀ ਫੀਸ ਭਰੇ 1150 ਕੁਇੰਟਲ ਕਣਕ ਮਿਲੀ। ਜਿਸ ’ਤੇ ਮਾਰਕੀਟ ਫੀਸ ਤੇ ਐਚ.ਆਰ.ਡੀ.ਐਫ਼ ਦੇ 929290 ਤੇ ਜੁਰਮਾਨੇ ਦੇ 23230 ਭਰਵਾਏ ਗਏ। ਇਸੇ ਤਰ੍ਹਾਂ ਅਮਰ ਨਾਥ ਰਾਮ ਚੰਦਰ ’ਤੇ ਗੁਦਾਮ ’ਚ 9 ਸੌ ਕੁਇੰਟਲ ਦੀ 72720 ਸਰਕਾਰੀ ਫੀਸ ਤੇ ਜੁਰਮਾਨੇ ਦੇ 18200 ਰੁਪਏ ਭਰਵਾਏ ਗਏ। ਸਰਕਾਰੀ ਸਿਸਟਮ ’ਤੇ ਵੱਡਾ ਸੁਆਲ ਹੈ ਕਿ ਨਾਜਾਇਜ਼ ਗੁਦਾਮਾਂ ਕਾਗਜ਼ਾਂ ’ਚ ਜਾਇਜ਼ ਹੋਣ ਦੇ ਬਾਅਦ ਵੀ ਸਰਕਾਰੀ ਫੀਸ ਦੀ ਚੋਰੀ ਜਾਰੀ ਹੈ। ਇਸ ਬਾਰੇ ਆਮ ਜਨਤਾ ’ਚ ਸੁਆਲ ਉੱਠ ਰਹੇ ਹਨ। ਮਾਰਕੀਟ ਕਮੇਟੀ ਡੱਬਵਾਲੀ ਦੇ ਸਕੱਤਰ ਸੰਜੀਵ ਸੱਚਦੇਵਾ ਦਾ ਕਹਿਣਾ ਸੀ ਕਿ ਗੁਦਾਮਾਂ ’ਤੇ ਅੱਜ ਮੁੱਖ ਮੰਤਰੀ ਉਡਣ ਦਸਤੇ ਅਤੇ ਮਾਰਕੀਟ ਕਮੇਟੀ ਨੇ ਸਾਂਝੀ ਕਾਰਵਾਈ ਕੀਤੀ। ਸਕੱਤਰ ਮੁਤਾਬਕ ਗੋਦਾਮਾਂ ਦੀ ਕੱਲ੍ਹ ਸ਼ਨਾਖ਼ਤ ਕਰ ਲਈ ਗਈ ਸੀ।