ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 27 ਜੁਲਾਈ
ਆਮਦਨ ਕਰ ਮਹਿਕਮੇ ਵੱਲੋਂ ਅੱਜ ਐੱਨਸੀਆਰ ਦੇ ਕਈ ਹਸਪਤਾਲਾਂ ਵਿੱਚ ਅਚਾਨਕ ਛਾਪੇ ਮਾਰੇ ਗਏ। ਇਸ ਕਾਰਵਾਈ ਮੌਕੇ ਕਈ ਰਿਕਾਰਡ ਜਬਤ ਕੀਤੇ ਗਏ ਹਨ। ਇਹ ਛਾਪੇ ਫਰੀਦਾਬਾਦ, ਗੁਰੂਗ੍ਰਾਮ ਤੇ ਨੋਇਡਾ ਦੇ ਹਸਪਤਾਲਾਂ ਵਿੱਚ ਮਾਰੇ ਗਏ ਹਨ। ਇਨ੍ਹਾਂ ਵਿੱਚ ਓਆਰਜੀ ਹਸਪਤਾਲ, ਐੱਸਐੱਸਬੀ ਹਸਪਤਾਲ, ਅਕੋਰਡ ਹਸਪਤਾਲ ਤੇ ਸਰਵੋਧਿਆ (ਸੈਕਟਰ-8 ਤੇ ਸੈਕਟਰ-19 ਬ੍ਰਾਂਚਾਂ) ਹਸਪਤਾਲ ਦੇ ਨਾਮ ਸ਼ਾਮਲ ਹਨ, ਜਿੱਥੇ ਸਵੇਰੇ ਸਮੇਂ ਆਮਦਨ ਕਰ ਮਹਿਕਮੇ ਦੀਆਂ ਟੀਮਾਂ ਪਹੁੰਚੀਆਂ ਤੇ ਜਾਂਚ ਸ਼ੁਰੂ ਕਰ ਦਿੱਤੀ। ਸਰਵੋਧਿਆ ਹਸਪਤਾਲ ਦੇ ਡਾ. ਰਾਕੇਸ਼ ਗੁਪਤਾ ਤੋਂ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਮੁਤਾਬਕ ਛਾਪੇ ਨੋਇਡਾ ਦੇ ਸੈਕਟਰ 11 ਤੇ 12 ਵਿੱਚ ਅਤੇ ਫਰੀਦਾਬਾਦ ਦੇ ਪੁਰਾਣਾ ਸ਼ਹਿਰ, ਸੈਕਟਰ-16 ਤੇ ਗੁਰੂਗ੍ਰਾਮ ਵਿੱਚ ਮਾਰੇ ਗਏ। ਹਰੇਕ ਟੀਮ ਵਿੱਚ 14-15 ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਨੇ ਹਸਪਤਾਲਾਂ ਦੇ ਪੈਸੇ ਜਮ੍ਹਾਂ ਕਰਨ, ਮਰੀਜ਼ਾਂ ਦੇ ਭਰਤੀ ਨਾਲ ਜੁੜੇ ਰਿਕਾਰਡ ਤੇ ਵਿੱਤੀ ਲੈਣ-ਦੇਣ ਦੀ ਜਾਣਕਾਰੀ ਇਕੱਠੀ ਕੀਤੀ। ਸੂਤਰਾਂ ਮੁਤਬਾਕ ਬੀਤੇ 3 ਸਾਲਾਂ ਦੇ ਵਿੱਤੀ ਪ੍ਰਬੰਧ ਦੀ ਛਾਣਬੀਣ ਕੀਤੀ ਗਈ। ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਸਥਾਨਕ ਥਾਣਿਆਂ ਦੀ ਪੁਲੀਸ ਦੀ ਮਦਦ ਨਾਲ ਹਸਪਤਾਲਾਂ ਦੇ ਮੁੱਖ ਗੇਟ ਬੰਦ ਕਰ ਦਿੱਤੇ ਗਏ। ਸੂਤਰਾਂ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਖਾਤਿਆਂ ਵਿੱਚ ਨਕਦ ਪ੍ਰਾਪਤੀ, ਅਣਗਿਣਤ ਨਿਵੇਸ਼ ਤੇ ਖਾਤਿਆਂ ਵਿੱਚ ਗੜਬੜੀ ਦੀ ਜਾਣਕਾਰੀ ਮਿਲਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਉਕਤ ਸਾਰੇ ਹਸਪਤਾਲ ਮਹਿੰਗੇ ਹਸਪਤਾਲ ਮੰਨੇ ਜਾਂਦੇ ਹਨ, ਜਿਨ੍ਹਾਂ ਦੀਆਂ ਫ਼ੀਸਾਂ ਬਹੁਤ ਜ਼ਿਆਦਾ ਹਨ। ਨੋਇਡਾ ਵਿੱਚ 2019 ਨੂੰ ਵੀ ਆਮਦਨ ਕਰ ਦੇ ਨਿਸ਼ਾਨੇ ਉਪਰ ਇੱਕ ਨਿੱਜੀ ਹਸਪਤਾਲ ਆਇਆ ਸੀ। ਮਹਿਕਮੇ ਵੱਲੋਂ ਛਾਪੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।