ਨਿੱਜੀ ਪੱਤਰ ਪ੍ਰੇਰਕ
ਡੱਬਵਾਲੀ, 27 ਸਤੰਬਰ
ਸੀ.ਐੱਮ. ਫਲਾਇੰਗ (ਹਰਿਆਣਾ) ਨੇ ਇੱਥੇ ਛਾਪਾ ਮਾਰ ਕੇ ਗ਼ੈਰਕਾਨੂੰਨੀ ਤੌਰ ’ਤੇ ਚੱਲ ਰਹੇ ਇੱਕ ਸ਼ਰਾਬ ਠੇਕੇ ਦਾ ਭਾਂਡਾ ਭੰਨਿਆ ਹੈ ਜੋ ਅਲੀਕਾਂ ਰੋਡ ’ਤੇ ਕਿਰਾਏ ਦੀ ਇੱਕ ਦੁਕਾਨ ’ਚ ਹੂਬਹੂ ਅਸਲੀ ਠੇਕੇ ਦੀ ਤਰਜ਼ ’ਤੇ ਚਲਾਇਆ ਜਾ ਰਿਹਾ ਸੀ। ਛਾਪੇ ਦੌਰਾਨ ਠੇਕੇ ਵਿੱਚੋਂ ਕਾਫ਼ੀ ਮਾਤਰਾ ਵਿੱਚ ਦੇਸੀ ਸ਼ਰਾਬ ਅਤੇ ਬੀਅਰ ਬਰਾਮਦ ਹੋਈ ਹੈ। ਇਹ ਕਾਰਵਾਈ ਸੀ.ਐੱਮ. ਫਲਾਇੰਗ ਦੇ ਸਬ-ਇੰਸਪੈਕਟਰ ਰਾਜੇਸ਼ ਕੁਮਾਰ (ਹਿਸਾਰ) ਦੀ ਅਗਵਾਈ ਹੇਠ ਕੀਤੀ ਗਈ। ਸਿਟੀ ਪੁਲੀਸ ਵੱਲੋਂ ਐਚ.ਸੀ. ਸੁਨੀਲ ਕੁਮਾਰ ਅਤੇ ਟੀਮ ਨੇ ਕਾਰਵਾਈ ਕੀਤੀ। ਛਾਪੇ ਦੌਰਾਨ ਗੈਰਕਾਨੂੰਨੀ ਸ਼ਰਾਬ ਠੇਕੇ ਦੇ ਕਰਿੰਦੇ ਜਸਵਿੰਦਰ ਸਿੰਘ ਵਾਸੀ ਮਸੀਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਟੀ ਪੁਲੀਸ ਨੇ ਇੱਥੋਂ ਦੇਸੀ ਸ਼ਰਾਬ ਦੀਆਂ 299 ਬੋਤਲਾਂ ਅਤੇ ਕਿੰਗਫਿਸ਼ਰ ਬੀਅਰ ਦੀਆਂ 36 ਬੋਤਲਾਂ ਬਰਾਮਦ ਕੀਤੀਆਂ ਹਨ। ਸਿਟੀ ਥਾਣਾ ਮੁਖੀ ਸੱਤਿਆਵਾਨ ਨੇ ਦੱਸਿਆ ਕਿ ਜਸਵਿੰਦਰ ਸਿੰਘ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।