ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਫਰਵਰੀ
ਲੋਹਾਰਾ ਰਨਿੰਗ ਤੇ ਪਿੰਕਲ ਕਲੱਬ ਵਲੋਂ ਰਾਜੀਵ ਗਾਂਧੀ ਖੇਡ ਸਟੇਡੀਅਮ ਖੈਰਾ ਵਿਚ 1600 ਮੀਟਰ ਦੀ ਦੌੜ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਦਾ ਆਰੰਭ ਲਾਡਵਾ ਦੇ ਵਿਧਾਇਕ ਮੇਵਾ ਸਿੰਘ ਦੇ ਲੜਕੇ ਵਿਕਾਸ ਨੇ ਕੀਤਾ। ਇਸ ਮੁਕਾਬਲੇ ਵਿਚ ਕੁਰੂਕਸ਼ੇਤਰ ਸਣੇ ਕਈ ਹੋਰ ਜ਼ਿਲ੍ਹਿਆਂ ਦੇ 400 ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਵਿਕਾਸ ਨੇ ਖਿਡਾਰੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਨਾਲ ਵਿਸ਼ੇਸ਼ ਸਬੰਧ ਹੁੰਦਾ ਹੈ, ਕਿਉਂਕਿ ਖੇਡਾਂ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਦਾ ਹੋਰ ਨੌਜਵਾਨਾਂ ਦੇ ਮੁਕਾਬਲੇ ਜ਼ਿਆਦਾ ਮਾਨਸਿਕ ਤੇ ਬੌਧਿਕ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਹਮੇਸ਼ਾ ਮਾਨਸਿਕ ਤਣਾਅ ਤੋਂ ਦੂਰ ਰਹਿੰਦੇ ਹਨ। ਸਕੂਲ ਤੋਂ ਲੈ ਕੇ ਨੈਸ਼ਨਲ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਨਾਲ ਖਿਡਾਰੀਆਂ ਦੀ ਸਰਕਾਰੀ ਨੌਕਰੀ ਦੀ ਨੀਂਹ ਤਾਂ ਪੱਕੀ ਹੁੰਦੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਮਿਲਦੇ ਹਨ। ਜਾਣਕਾਰੀ ਮੁਤਾਬਿਕ ਮੁਕਾਬਲੇ ਵਿਚ ਸਚਿਨ ਮਨੋਕਿਆ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਰਾਵਣ ਰਾਣਾ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਉਸ ਨੂੰ 2100 ਰੁਪਏ, ਹਰਨਾਮ ਸਿੰਘ ਕੁਰੂਕਸ਼ੇਤਰ ਨੇ ਤੀਜਾ, ਹੀਰਾ ਨੇ ਚੌਥਾ ਤੇ ਵਿਜੈ ਨੇ ਪੰਜਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 35 ਹੋਰ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਲੋਹਾਰਾ ਰਨਿੰਗ ਕਲਬ ਦੇ ਪ੍ਰਧਾਨ ਰਵੀ ਐੱਨਐੱਸ ਕਮਾਡੋਂ, ਕੋਚ ਸੰਨੀ, ਪਿੰਕਲ ਕੱਲਬ ਦੇ ਪ੍ਰਧਾਨ ਪਿੰਕਲ, ਕੁਲਦੀਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਮੌਜੂਦ ਸਨ।