ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਅਕਤੂਬਰ
ਮੀਰ ਬਾਬਾ ਪੀਰ ਦੀ ਮਜਾਰ ਪਿੰਡ ਲਖਮੜੀ ਦਾ ਦੋ ਰੋਜ਼ਾ ਸਾਲਾਨਾ ਮੇਲਾ ਸਮਾਪਤ ਹੋ ਗਿਆ। ਮੁਹਾਲੀ ਦੇ ਐੱਸਐੱਸਪੀ ਨਵਰੀਤ ਸਿੰਘ ਵਿਰਕ ਨੇ ਪਿੰਡ ਦੇ ਸਮੁੱਚੇ ਵਡੇਰਿਆਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਕਰਵਾਇਆ ਸੀ, ਜਿਸ ਵਿੱਚ ਅਖ਼ੀਰਲੇ ਦਿਨ ਪੰਜਾਬੀ ਗਾਇਕ ਕੰਵਰਪਾਲ ਗਰੇਵਾਲ ਤੇ ਪੰਮਾ ਡੁਮੇਵਾਲ ਨੇ ਪੰਜਾਬੀ ਤੇ ਹਰਿਆਣਵੀ ਗੀਤਾਂ ਰਾਹੀਂ ਦਰਸ਼ਕ ਕੀਲ ਕੇ ਰੱਖ ਦਿੱਤੇ। ਕੰਵਰ ਗਰੇਵਾਲ ਤੇ ਪੰਮਾ ਡੁੰਮੇਵਾਲ ਨੇ ਜਿਥੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ, ਉਥੇ ਨਾਲ ਹੀ ਉਨ੍ਹਾਂ ਨੇ ਗੀਤਾਂ ਰਾਹੀਂ ਸਮਾਜਿਕ ਕੁਰੀਤੀਆਂ, ਧਾਰਮਿਕ ਕੱਟੜਤਾ ਤੇ ਮਾਪਿਆਂ ਨੂੰ ਛੱਡ ਵਿਦੇਸ਼ਾਂ ਵਿੱਚ ਜਾਣ ਦੀ ਲੱਗੀ ਹੋੜ ’ਤੇ ਵੀ ਜ਼ੋਰਦਾਰ ਟਿੱਪਣੀਆਂ ਕੀਤੀਆਂ। ਗਰੇਵਾਲ ਨੇ ਕਿਹਾ ਕਿ ਅੱਜ ਦੇ ਬੱਚੇ ਸੰਸਕਾਰਾਂ ਨੂੰ ਭੁਲ ਗਏ ਹਨ ਤੇ ਪੈਸੇ ਦੀ ਚਕਾਚੌਂਧ ਵਿਚ ਵਿਦੇਸ਼ਾਂ ਨੂੰ ਦੌੜ ਰਹੇ ਹਨ ਤੇ ਮਾਪੇ ਉਨ੍ਹਾਂ ਦੀ ਯਾਦ ਵਿਚ ਤੜਪ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਂਪਿਆਂ ਦੇ ਬੁਢਾਪੇ ਦੀ ਕੋਈ ਚਿੰਤਾ ਨਹੀਂ। ਇਸ ਮੌਕੇ ਕਰਨਲ ਫਤਿਹ ਸਿੰਘ, ਸ਼ਮਸ਼ੇਰ ਜੀਤ ਸਿੰਘ ਵਿਰਕ, ਅਮਰਜੀਤ ਸਿੰਘ ਬਾਜਵਾ, ਹਰਿੰਦਰ ਦੀਪ ਸਿੰਘ ਵਿਰਕ, ਹਰਿਆਣਾ ਬੀਜ ਵਿਕਾਸ ਨਿਗਮ ਦੇ ਡਾਇਰੈਕਟਰ ਜਿਤੇਂਦਰ ਸਿੰਘ, ਮਨਦੀਪ ਸਿੰਘ ਤੂਰ, ਬੰਨੀ ਤੂਰ, ਆਲਮ ਵਿਰਕ, ਮਹਿਤਾਬ ਵਿਰਕ, ਬੁਲੰਦ ਸਿੰਘ ਵਿਰਕ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।