ਪੱਤਰ ਪ੍ਰੇਰਕ
ਰਤੀਆ, 26 ਅਕਤੂਬਰ
ਹਰਿਆਣਾ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਨਗਰ ਪਾਲਿਕਾ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ ’ਤੇ ਸਥਾਨਕ ਨਗਰ ਕੌਂਸਲ ਕਾਮਿਆਂ ਨੇ ਅੱਜ ਝਾੜੂ ਉਲਟੇ ਕਰ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਕਾਮੇ 19 ਅਕਤੂਬਰ ਤੋਂ ਹੜਤਾਲ ’ਤੇ ਡਟੇ ਹੋਏ ਹਨ। ਇਨ੍ਹਾਂ ਨੂੰ ਸਰਕਾਰ ਵੱਲੋਂ ਸਮਝੌਤੇ ਤਹਿਤ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸਰਵ ਕਰਮਚਾਰੀ ਸੰਘ ਦੇ ਸੂਬਾ ਖਜ਼ਾਨਚੀ ਰਾਜਿੰਦਰ ਪ੍ਰਸਾਦ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਹੜਤਾਲ ਨੂੰ ਤੋੜਨ ਦਾ ਯਤਨ ਕੀਤਾ ਤਾਂ ਸੰਘ ਸਿੱਧੇ ਤੌਰ ’ਤੇ ਇਸ ਹੜਤਾਲ ਦੀ ਹਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕਰੇ ਨਹੀਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਲਗਾਤਾਰ ਸਫਾਈ ਨਾ ਹੋਈ ਤਾਂ ਭਿਆਨਕ ਬਿਮਾਰੀਆਂ ਵੀ ਫੈਲ ਸਕਦੀਆਂ ਹਨ ਜਿਸ ਦੀ ਜ਼ਿੰਮੇਵਾਰ ਸੂਬਾ ਸਰਕਾਰ ਹੋਵੇਗੀ। ਇਸ ਮੌਕੇ ਦੇਵੀ ਲਾਲ, ਦਵਿੰਦਰ ਸਿੰਘ, ਜੰਗੀਰ ਸਿੰਘ, ਭੂਪ ਸਿੰਘ, ਸਤਿਆਵਾਨ, ਮੁਕੇਸ਼ ਕੁਮਾਰ ਅੰਗੂਰੀ ਦੇਵੀ ਵੀ ਹਾਜ਼ਰ ਸਨ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਲੱਗ ਗਏ ਹਨ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਚੌਕਾਂ ਤੋਂ ਬਦਬੂ ਕਾਰਨ ਲੰਘਣਾ ਮੁਸ਼ਕਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਪ੍ਰਧਾਨ ਨੇ 30 ਆਰਜ਼ੀ ਕਾਮੇ ਭਰਤੀ ਕੀਤੇ ਹਨ। ਉਨ੍ਹਾਂ ਤੋਂ ਗਲੀਆਂ, ਸੜਕਾਂ ਤੇ ਮੁਹੱਲਿਆਂ ਵਿੱਚ ਸਫਾਈ ਕਰਵਾ ਜਾ ਰਹੀ ਹੈ, ਪਰ ਫਿਰ ਵੀ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗ ਰਹੇ ਹਨ। ਦੂਜੇ ਪਾਸੇ ਅੱਜ ਛੇਵੇਂ ਦਿਨ ਨਗਰ ਕੌਂਸਲ ਦਫਤਰ ਦੇ ਬਾਹਰ ਸਫਾਈ ਕਾਮਿਆਂ ਨੇ ਸ਼ਾਖਾ ਪ੍ਰਧਾਨ ਪ੍ਰਦੀਪ ਬਿੰਦਲਾਨ ਦੀ ਅਗਵਾਈ ਵਿਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ। ਪ੍ਰਦੀਪ ਨੇ ਦਸਿੱਆ ਕਿ ਪਿਛਲੇ ਹਫਤੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਵਾਰਤਾ ਸਫਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲੈਂਦੀ ਤਾਂ ਦੀਵਾਲੀ ਤੇ ਬਜ਼ਾਰਾਂ ਵਿਚ ਗੰਦਗੀ ਨਾ ਫੈਲਦੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਇਹ ਹੜਤਾਲ ਅਣਮਿਥੇ ਸਮੇਂ ਤਕ ਚਲੇਗੀ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਕੌਂਸਲ ਪ੍ਰਧਾਨ ਗੁਲਸ਼ਨ ਕਵਾਤਰਾ ਨੇ ਦੱਸਿਆ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਕਰਕੇ ਪੂਰੇ ਸ਼ਹਿਰ ਵਿਚ ਸਫਾਈ ਵਿਵਸਥਾ ਵਿਗੜ ਰਹੀ ਸੀ। ਵਾਰ-ਵਾਰ ਹੜਤਾਲੀ ਕਰਮਚਾਰੀਆਂ ਨੂੰ ਕਹਿਣ ਦੇ ਬਾਵਜੂਦ ਉਹ ਨਹੀਂ ਮੰਨੇ ਤਾਂ ਉਨ੍ਹਾਂ ਨੇ ਮਜਬੂਰੀ ਵਿੱਚ ਡੀਸੀ ਦੀ ਇਜਾਜ਼ਤ ਨਾਲ 30 ਅਸਥਾਈ ਕਰਮਚਾਰੀਆਂ ਦੀ ਭਰਤੀ ਕੀਤੀ ਹੈ।