ਮਹਾਵੀਰ ਮਿੱਤਲ
ਜੀਂਦ, 28 ਨਵੰਬਰ
ਇਥੇ ਵੱਧ ਰਹੀ ਅਪਰਾਧਿਕ ਘਟਨਾਵਾਂ ਸਬੰਧੀ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਜੀਂਦ ਦੇ ਦੋਵੇਂ ਵਪਾਰ ਮੰਡਲ, 38 ਟਰੇਡ ਯੂਨੀਅਨਾਂ ਅਤੇ ਸ਼ਹਿਰ ਦੀ ਦਰਜਨਾਂ ਸੰਸਥਾਵਾਂ ਨੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਇਹ ਪ੍ਰਦਰਸ਼ਨ ਪੁਰਾਣੀ ਅਨਾਜ ਮੰਡੀ ਤੋਂ ਲੈ ਕੇ ਟਾਊਨ ਹਾਲ, ਸਿਟੀ ਥਾਣਾ, ਰਾਣੀ ਤਲਾਬ ਅਤੇ ਗੋਹਾਣਾ ਰੋਡ ਤੋਂ ਹੁੰਦੇ ਹੋਏ ਮਿਨੀ ਸਕੱਤਰੇਤ ਪਹੁੰਚਿਆ, ਜਿੱਥੇ ਰਾਜਪਾਲ ਦੇ ਨਾਂ ਐੱਸਡੀਐੱਮ ਵੇਦ ਪ੍ਰਕਾਸ਼ ਨੂੰ ਪੱਤਰ ਸੌਂਪਿਆ ਗਿਆ। ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ’ਤੇ ਤਨਜ ਕੱਸਦਿਆਂ ਕਿਹਾ ਕਿ ਜੀਂਦ ਦੀ ਇਤਿਹਾਸਕ ਧਰਤੀ ਉੱਤੇ ਅਪਰਾਧਾਂ ਦਾ ਬੋਲਬਾਲਾ ਹੋ ਗਿਆ ਹੈ, ਜਿੱਥੇ ਕਿਸੇ ਦੀ ਵੀ ਜ਼ਿੰਦਗੀ ਸੁਰੱਖਿਅਤ ਨਹੀਂ ਰਹੀ ਹੈ। ਜੀਂਦ ਦੇ ਸ਼ਾਮ ਸੁੰਦਰ ਬਾਂਸਲ ਦੀ ਹੱਤਿਆ ਅਤੇ ਵਪਾਰੀ ਨੀਤਿਨ ਗੋਇਲ ਤੋਂ 10 ਲੱਖ ਰੁਪਏ ਦੀ ਫ਼ਿਰੌਤੀ ਲੈਣੀ ਤਾਜ਼ਾ ਉਦਾਹਰਣਾਂ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਪਰਾਧਾਂ ਦੀ ਜਾਂਚ ਲਈ ਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਐੱਸਆਈਟੀ ਕਮੇਟੀ ਗਠਿਤ ਹੋਣੀ ਚਾਹੀਦੀ ਹੈ ਜੋ ਕਿ ਜੀਂਦ ਅਤੇ ਇਰਦ-ਗਿਰਦ ਇਲਾਕਿਆ ਵਿੱਚ ਵਾਪਰੀਆਂ ਫਿਰੌਤੀ, ਲੁੱਟ-ਖਸੁੱਟ ਅਤੇ ਪਲਾਇਨ ਜਿਹੇ ਮਾਮਲਿਆਂ ਦੀ ਜਾਂਚ ਕਰ ਕੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦਿੱਵਾ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 7 ਦਿਨਾਂ ਵਿੱਚ ਸ਼ਾਮ ਸੁੰਦਰ ਬਾਂਸਲ ਦੇ ਹਤਿਆਰਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕਾਂਗਰਸ ਵੱਡਾ ਅੰਦੋਲਨ ਛੇੜ ਦੇਵੇਗੀ, ਨਾਲ ਹੀ ਉਨ੍ਹਾਂ ਨੇ ਨੀਤਿਨ ਗੋਇਲ ਤੋਂ ਵਸੂਲੀ ਫ਼ਿਰੌਤੀ ਰਿਕਵਰ ਕਰਵਾਉਣ ਅਤੇ ਜੁਲਾਨਾ ਅਤੇ ਸਫੀਦੋਂ ਦੇ ਡਾਕਟਰਾਂ, ਵਪਾਰੀਆਂ ਨੂੰ ਵੀ ਸੁਰੱਖਿਆ ਦੇਣ ਦੀ ਮੰਗ ਕੀਤੀ।