ਏਲਨਾਬਾਦ (ਪੱਤਰ ਪ੍ਰੇਰਕ): ਹਲਕੇ ਦੇ ਪਿੰਡਾਂ ਸੰਤਨਗਰ, ਨਕੌੜਾ, ਭੜੋਲਿਆਂਵਾਲੀ, ਅੰਮ੍ਰਿਤਸਰ ਕਲਾਂ ਸਣੇ ਜ਼ਿਲ੍ਹੇ ਦੀਆਂ 16 ਥਾਵਾਂ ’ਤੇ ਲੋਕਾਂ ਨੇ ਚਾਰ ਘੰਟੇ ਲਈ ਮੁਕੰਮਲ ਤੌਰ ’ਤੇ ਸੜਕਾਂ ਜਾਮ ਕਰਕੇ ਹਰਿਆਣਾ ਸਰਕਾਰ ਦੀਆਂ ਸਰਕਾਰੀ ਸਿੱਖਿਆ ਪ੍ਰਬੰਧ ਨੂੰ ਖੋਰਾ ਲਾਉਣ ਦੀਆਂ ਨੀਤੀਆਂ ਖ਼ਿਲਾਫ਼ ਵਿਰੋਧ ਦਰਜ ਕਰਵਾਇਆ। ਬੀਤੇ ਦਿਨੀਂ ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਦੀ ਮੰਗ ਅਤੇ ਸਕੂਲਾਂ ਦੇ ਰਲੇਵੇਂ ਵਿਰੁੱਧ ਸੰਘਰਸ਼ ਵਿੱਢਿਆ ਗਿਆ ਸੀ। ਇਸ ਦੌਰਾਨ ਅਮਨ ਹੁੰਦਲ, ਪਰਮਜੀਤ ਸਿੰਘ, ਦਿਲਬਾਗ ਨਕੌੜਾ, ਪ੍ਰਭਜੋਤ ਸਿੰਘ, ਗੁਰਲਾਲ ਸਿੰਘ ਆਦਿ ਬੁਲਾਰਿਆਂ ਨੇ ਆਖਿਆ ਕਿ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ 46,459 ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਥਾਂ ਸਕੂਲਾਂ ਨੂੰ ਖਤਮ ਕਰਕੇ ਰੁਜ਼ਗਾਰ ਦੇ ਮੌਕੇ ਵੀ ਖਤਮ ਕਰ ਰਹੀ ਹੈ। ਬੁਲਾਰਿਆਂ ਨੇ ਆਖਿਆ ਕਿ ਕਿਸੇ ਵੀ ਹਾਲਤ ਵਿੱਚ ਸਰਕਾਰੀ ਸਕੂਲ ਬੰਦ ਨਹੀਂ ਹੋਣ ਦਿੱਤੇ ਜਾਣਗੇ।