ਦੇਵਿੰਦਰ ਸਿੰਘ
ਯਮੁਨਾਨਗਰ, 4 ਅਕਤੂਬਰ
ਹਰਿਆਣਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਗਰਪਾਲਿਕਾ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸਾਂਝੇ ਤੌਰ ’ਤੇ ਉਲਟੇ ਝਾੜੂ ਫੜ ਕੇ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਨਗਰਪਾਲਿਕਾ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵੇਸ਼ ਪਰੋਚਾ ਨੇ ਕੀਤੀ ਤੇ ਮੰਚ ਸੰਚਾਲਨ ਸਹਿ ਸਕੱਤਰ ਰਮੇਸ਼ ਕੁਮਾਰ ਨੇ ਕੀਤਾ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇ ਲਗਾਉਂਦੇ ਹੋਏ ਜਗਾਧਰੀ ਰੋਡ ’ਤੇ ਰੈਲੀ ਕੱਢੀ ਅਤੇ ਰੈਲੀ ਤੋਂ ਵਾਪਸ ਆ ਕੇ ਨਿਗਮ ਦੇ ਸਹਾਇਕ ਕਮਿਸ਼ਨਰ ਧੀਰਜ ਕੁਮਾਰ ਨੂੰ ਮੁੱਖ ਮੰਤਰੀ ਦੇ ਨਾਂ ’ਤੇ ਮੰਗ ਪੱਤਰ ਸੌਂਪਿਆ। ਨਗਰਪਾਲਿਕਾ ਦੇ ਸੂਬਾ ਜਨਰਲ ਸਕੱਤਰ ਮਾਂਗੇਰਾਮ ਤਿਗਰਾ, ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦਾ ਨੇ ਦੱਸਿਆ ਕਿ ਇੱਕ ਪਾਸੇ ਹਰਿਆਣਾ ਸਰਕਾਰ 7 ਅਕਤੂਬਰ ਨੂੰ ਵਾਲਮੀਕਿ ਪ੍ਰਗਟ ਦਿਵਸ ਦੇ ਮੌਕੇ ’ਤੇ ਗੋਹਾਨਾ ਵਿੱਚ ਸ਼ਾਨਦਾਰ ਸਮਾਗਮ ਕਰਵਾਉਣ ਜਾ ਰਹੀ ਹੈ ਪਰ ਦੂਜੇ ਪਾਸੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਵਾਲਮੀਕਿ ਸਮਾਜ ਦੇ ਲੋਕ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਭਟਕ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਕਰਮਚਾਰੀਆਂ ਵਿੱਚ ਮੌਜੂਦਾ ਸਰਕਾਰ ਦੇ ਖ਼ਿਲਾਫ਼ ਰੋਸ ਵਧ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਸਬੰਧੀ 10-11 ਅਕਤੂਬਰ ਨੂੰ ਸਾਂਝੇ ਤੌਰ ’ਤੇ ਦੋ ਦਿਨ ਦੀ ਲਗਾਤਾਰ ਭੁੱਖ ਹੜਤਾਲ ਕਰਨਗੇ। ਇਸ ਦੌਰਾਨ ਹਰਿਆਣਾ ਸਰਕਾਰ ਵੱਲੋਂ ਯੂਨੀਅਨ ਨੂੰ ਬੁਲਾ ਕੇ ਗੱਲਬਾਤ ਰਾਹੀਂ ਕੋਈ ਸਮਝੌਤਾ ਨਾ ਕੀਤੇ ਜਾਣ ਦੀ ਸੂਰਤ ਵਿੱਚ 19-20 ਅਕਤੂਬਰ ਨੂੰ ਸੂਬੇ ਭਰ ਦੀਆਂ ਸਾਰੀਆਂ ਨਗਰਪਾਲਿਕਾਵਾਂ, ਕੌਂਸਲਾਂ, ਨਿਗਮਾਂ ਅਤੇ ਅੱਗ ਬੁਝਾਊ ਵਿਭਾਗਾਂ ਦੇ ਕਰਮਚਾਰੀ ਦੋ ਰੋਜ਼ਾ ਹੜਤਾਲ ’ਤੇ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹੜਤਾਲ ਅਣਮਿੱਥੇ ਸਮੇਂ ਦੀ ਹੜਤਾਲ ਵਿੱਚ ਵੀ ਬਦਲ ਸਕਦੀ ਹੈ।
ਦੂਜੇ ਪਾਸੇ ਫਾਇਰ ਵਿਭਾਗ ਕਰਮਚਾਰੀ ਯੂਨੀਅਨ ਦੇ ਸੂਬਾਈ ਮੁੱਖ ਪ੍ਰਬੰਧਕ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਹਾਂ-ਪੱਖੀ ਨਹੀਂ ਹੈ। ਇਸ ਮੌਕੇ ਸੇਵਾਮੁਕਤ ਕਰਮਚਾਰੀ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਵੀਰ ਪੰਡੋਰਾ, ਰੋਡਵੇਜ਼ ਵਿਭਾਗ ਤੋਂ ਜ਼ਿਲ੍ਹਾ ਮੁਖੀ ਨੰਦਲਾਲ, ਪਬਲਿਕ ਹੈਲਥ ਤੋਂ ਜ਼ਿਲ੍ਹਾ ਸਕੱਤਰ ਪ੍ਰੇਮ ਪ੍ਰਕਾਸ਼, ਨਗਰਪਾਲਿਕਾ ਤੋਂ ਗੁਰਨਾਮ ਸਿੰਘ, ਵਿਜੇਂਦਰ, ਜਨਕਰਾਜ, ਰਾਜਕੁਮਾਰ ਸਸੋਲੀ, ਰਮਨ, ਪਾਪਲਾ ਅਤੇ ਫਾਇਰ ਬ੍ਰਿਗੇਡ ਵਿਭਾਗ ਤੋਂ ਨਰਿੰਦਰ, ਅਮਿਤ ਕੁਮਾਰ, ਵਰਿੰਦਰ ਧੀਮਾਨ, ਮੋਹਨ ਲਾਲ ਨੇ ਵੀ ਸੰਬੋਧਨ ਕੀਤਾ।