ਪੱਤਰ ਪ੍ਰੇਰਕ
ਯਮੁਨਾਨਗਰ, 25 ਅਕਤੂਬਰ
ਹਰਿਆਣਾ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਅੱਜ ਲਗਾਤਾਰ 7ਵੇਂ ਦਿਨ ਨਗਰ ਨਿਗਮ ਦਫ਼ਤਰ ਦੇ ਅਹਾਤੇ ਵਿੱਚ ਸੂਬਾ ਪੱਧਰੀ ਹੜਤਾਲ ਜਾਰੀ ਰੱਖੀ। ਅੱਜ 7ਵੇਂ ਦਿਨ ਹੜਤਾਲ ਦੀ ਪ੍ਰਧਾਨਗੀ ਨਗਰ ਨਿਗਮ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਅਤੇ ਸੰਚਾਲਨ ਸ਼ਾਖਾ ਦੇ ਸਹਿ ਸਕੱਤਰ ਰਮੇਸ਼ ਕੁਮਾਰ ਨੇ ਕੀਤੀ। ਜ਼ਿਕਰਯੋਗ ਹੈ ਕਿ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਨਗਰ ਨਿਗਮ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਮਾਂਗੇ ਰਾਮ ਤਿਗੜਾ ਅਤੇ ਫਾਇਰ ਬ੍ਰਿਗੇਡ ਵਿਭਾਗ ਐਸੋਸੀਏਸ਼ਨ ਦੇ ਸੂਬਾ ਚੀਫ਼ ਆਰਗੇਨਾਈਜ਼ਰ ਗੁਲਸ਼ਨ ਭਾਰਦਵਾਜ ਨੇ ਦੱਸਿਆ ਕਿ ਹੜਤਾਲ ਵਿੱਚ ਸ਼ਾਮਲ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਵੱਡੀ ਦੀਵਾਲੀ ਮੌਕੇ ਨਗਰ ਨਿਗਮ ਦਫ਼ਤਰ ਅੱਗੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।
ਕਰਮਚਾਰੀ ਹੱਥਾਂ ਵਿੱਚ ਉਲਟੇ ਝਾੜੂ, ਕਾਲੇ ਝੰਡੇ, ਤਖ਼ਤੀਆਂ ਅਤੇ ਬੈਨਰ ਲੈ ਕੇ ਜਲੂਸ ਦੇ ਰੂਪ ਵਿੱਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਪਿਆਰਾ ਚੌਕ ਤੇ ਨਹਿਰੂ ਪਾਰਕ ਤੋਂ ਨਾਅਰੇਬਾਜ਼ੀ ਕਰਦੇ ਹੋਏ ਨਗਰ ਨਿਗਮ ਦਫਤਰ ਪਹੁੰਚੇ ਤੇ ਨਗਰ ਨਿਗਮ ਦਫਤਰ ‘ਤੇ ਕਾਲੇ ਝੰਡੇ ਲਗਾ ਕੇ ਕਾਲੀ ਦੀਵਾਲੀ ਮਨਾਈ। ਹੜਤਾਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਨ ਪਹੁੰਚੇ ਸੇਵਾਮੁਕਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਾਂਗਵਾਨ ਨੇ ਕਿਹਾ ਕਿ ਮੌਜੂਦਾ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਮੁਲਾਜ਼ਮਾਂ, ਮਜ਼ਦੂਰਾਂ, ਆਮ ਲੋਕਾਂ, ਕਿਸਾਨਾਂ ਦੇ ਵਿਰੋਧ ਵਿੱਚ ਕੰਮ ਕਰਦਿਆਂ ਆਪਣੇ ਹਿਤੈਸ਼ੀ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਇਆ ਹੈ। ਕਰਮਚਾਰੀਆਂ ਦਾ ਖੂਨ ਨਿਚੋੜਨ ਵਿੱਚ ਲੱਗੀ ਹੋਈ ਇਹ ਸਰਕਾਰ ਆਪਣੇ ਆਪ ਨੂੰ ਦਲਿਤਾਂ ਦੀ ਹਿਤੈਸ਼ੀ ਅਖਵਾਉਂਦੀ ਸੀ ਪਰ ਨਗਰ ਨਿਗਮ ਮੁਲਾਜ਼ਮ ਯੂਨੀਅਨ ਨਾਲ ਕਈ ਦੌਰ ਦੀਆਂ ਮੀਟਿੰਗਾਂ ਕਰਕੇ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਕੇ ਇਸ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ 2020 ਤੋਂ ਬਾਅਦ ਨਗਰ ਨਿਗਮ ਅਤੇ ਫਾਇਰ ਫਾਈਟਰਜ਼ ਦੀਆਂ ਮੰਗਾਂ ‘ਤੇ ਸਹਿਮਤੀ ਪ੍ਰਗਟਾਉਣ ਦੇ ਬਾਵਜੂਦ ਅਜੇ ਤੱਕ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਮਿਉਂਸਪਲ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਪੂਰੇ ਜੋਸ਼ ਨਾਲ ਹੜਤਾਲ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸ ਮੌਕੇ ਜਨ ਸਿਹਤ ਵਿਭਾਗ ਦੇ ਜ਼ਿਲ੍ਹਾ ਸਕੱਤਰ ਪ੍ਰੇਮ ਪ੍ਰਕਾਸ਼, ਸੁਰੇਸ਼, ਰਮੇਸ਼, ਸਿਹਤ ਵਿਭਾਗ ਤੋਂ ਜ਼ਿਲ੍ਹਾ ਪ੍ਰਧਾਨ ਸੁਮਿਤ ਰਿਸ਼ੀ, ਜ਼ਿਲ੍ਹਾ ਸਕੱਤਰ ਨਰੇਸ਼ ਕੁਮਾਰ, ਵੀਐਲਡੀਏ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਤੇ ਸੀਟੂ ਆਗੂ ਰੋਸ਼ਨ ਲਾਲ ਨੇ ਵੀ ਸੰਬੋਧਨ ਕੀਤਾ।