ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਨਵੰਬਰ
ਅਨਾਜ ਮੰਡੀ ਬਾਬੈਨ ’ਚ ਆਲੂ ਛਾਂਟੀ ਦਾ ਰੇਟ 4 ਰੁਪਏ ਪ੍ਰਤੀ ਕੱਟਾ ਘਟਾ ਕੇ ਤਿੰਨ ਰੁਪਏ ਪ੍ਰਤੀ ਕੱਟਾ ਕਰਨ ਕਰ ਕੇ ਮਹਿਲਾ ਪੱਲੇਦਾਰਾਂ ਦਾ ਗੁੱਸਾ ਫੁੱਟਿਆ ਹੈ। ਮਹਿਲਾ ਪੱਲੇਦਾਰਾਂ ਨੇ ਗੁੱਸੇ ਵਿਚ ਆਲੂ ਛਾਂਟੀ ਦਾ ਕੰਮ ਬੰਦ ਕਰ ਦਿੱਤਾ ਤੇ ਸਾਰੀ ਮੰਡੀ ’ਚ ਘੁੰਮ ਕੇ ਪੁਰਸ਼ ਪੱਲੇਦਾਰਾਂ ਨੂੰ ਵੀ ਆਲੂ ਛਾਂਟੀ ਦਾ ਕੰਮ ਕਰਨ ਤੋਂ ਰੋਕ ਦਿੱਤਾ ਹੈ। ਮਹਿਲਾ ਪੱਲੇਦਾਰ ਜਵੰਤਰੀ, ਸਤਿਆ, ਕਮਲਾ, ਛਿਮਾ ਬਾਲਾ ਆਦਿ ਕਈ ਮਹਿਲਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿੱਛਲੇ ਸਾਲ ਤੋਂ ਹੀ ਚਾਰ ਰੁਪਏ ਪ੍ਰਤੀ ਕੱਟਾ ਮਜ਼ਦੂਰੀ ਮਿਲ ਰਹੀ ਹੈ। ਇਸ ਸਾਲ ਵੀ ਪੰਦਰਾਂ ਦਿਨਾਂ ਤੋਂ ਉਨ੍ਹਾਂ ਨੂੰ ਚਾਰ ਰੁਪਏ ਹੀ ਮਜ਼ਦੂਰੀ ਮਿਲ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਅਚਾਨਕ ਹੀ ਉਨ੍ਹਾਂ ਦੀ ਮਜ਼ਦੂਰੀ ਚਾਰ ਰੁਪਏ ਤੋਂਂ ਘਟਾ ਕੇ ਤਿੰਨ ਰੁਪਏ ਕਰ ਦਿੱਤੀ ਗਈ, ਜੋ ਉਨ੍ਹਾਂ ਨਾਲ ਬੇਇਨਸਾਫੀ ਹੈ। ਅਨਾਜ ਮੰਡੀ ਦੇ ਪ੍ਰਧਾਨ ਲਾਭ ਸਿੰਘ ਨੇ ਕਿਹਾ ਕਿ ਮੰਡੀ ਐਸੋਸੀਏਸ਼ਨ ਨੇ ਉਨ੍ਹਾਂ ਦੀ ਮੰਗ ਨੂੰ ਮੰਨ ਲਿਆ ਹੈ, ਉਨ੍ਹਾਂ ਨੂੰ ਚਾਰ ਰੁਪਏ ਹੀ ਪ੍ਰਤੀ ਕੱਟਾ ਮਜ਼ਦੂਰੀ ਦਿੱਤੀ ਜਾਏਗੀ।