ਨਿੱਜੀ ਪੱਤਰ ਪ੍ਰੇਰਕ
ਸਿਰਸਾ, 7 ਅਕਤੂਬਰ
ਇੱਥੇ ਅੱਜ ਪੇਂਡੂ ਸਫਾਈ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਪੇਂਡੂ ਸਫਾਈ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਵਾਆਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ ਪੰਚਾਇਤ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਮਿਨੀ ਸਕੱਤਰੇਤ ਦੇ ਬਾਹਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਵਿਜੈ ਕੁਮਾਰ ਢੁਕੜਾ ਨੇ ਕਿਹਾ ਕਿ ਸਰਕਾਰ ਪੇਂਡੂ ਸਫਾਈ ਕਾਮਿਆਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਚਾਇਤ ਮੰਤਰੀ ਦਵਿੰਦਰ ਬਬਲੀ ਨਾਲ ਪੇਂਡੂ ਸਫਾਈ ਕਰਮਚਾਰੀਆਂ ਦੇ ਆਗੂਆਂ ਦੀ ਲੰਬੀ ਗੱਲਬਾਤ ਹੋਈ ਤੇ ਕਈ ਮੰਗਾਂ ਉੱਤੇ ਸਹਿਮਤੀ ਵੀ ਬਣੀ ਸੀ ਪਰ ਅੱਜ ਤੱਕ ਉਨ੍ਹਾਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੇਂਡੂ ਸਫਾਈ ਕਾਮਿਆਂ ਨਾਲ ਵਾਅਦਾਖ਼ਿਲਾਫ਼ੀ ਕਰ ਰਹੀ ਹੈ। ਯੂਨੀਅਨ ਦੇ ਆਗੂਆਂ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵਿਧਾਨ ਸਭਾ ਵਿੱਚ ਨੀਤੀ ਬਣਾ ਕੇ ਪੇਂਡੂ ਸਫਾਈ ਕਾਮਿਆਂ ਨੂੰ ਪੱਕਾ ਕਰੇ। ਪੇਂਡੂ ਸਫਾਈ ਕਰਮਚਾਰੀਆਂ ਨੂੰ ਪੰਚਾਇਤ ਦੀ ਬਜਾਏ ਬੀਡੀਪੀਓ ਦੇ ਪੇਅ-ਰੋਲ ’ਤੇ ਲਿਆ ਜਾਏ, ਬਰਾਬਰ ਕੰਮ ਬਰਾਬਰ ਨੀਤੀ ਲਾਗੂ ਕਰ ਕੇ ਸਫਾਈ ਕਾਮਿਆਂ ਨੂੰ ਘੱਟੋ ਘੱਟ 24000 ਰੁਪਏ ਮਹੀਨਾ ਤਨਖਾਹ ਦਿੱਤੀ ਜਾਏ, ਸ਼ਹਿਰਾਂ ਦੀ ਤਰਜ਼ ’ਤੇ 400 ਦੀ ਆਬਾਦੀ ’ਤੇ ਇਕ ਸਫਾਈ ਕਰਮਚਾਰੀ ਦੀ ਨਿਯੁਕਤੀ ਕੀਤੀ ਜਾਵੇ।