ਨਿੱਜੀ ਪੱਤਰ ਪ੍ਰੇਰਕ
ਸਿਰਸਾ, 15 ਜੁਲਾਈ
ਪੇਂਡੂ ਸਫਾਈ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਪੇਡੂ ਸਫਾਈ ਕਾਮਿਆਂ ਨੇ ਬਰਾਬਰ ਕੰਮ-ਬਰਾਬਰ ਤਨਖਾਹ ਦੀ ਮੰਗ ਸਬੰਧੀ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ। ਸਫਾਈ ਮੁਲਾਜ਼ਮਾਂ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਨ, ਠੇਕਾ ਪ੍ਰਣਾਲੀ ਬੰਦ ਕਰਨ, ਨਗਰ ਕੌਂਸਲ ਦੀ ਤਰਜ਼ ’ਤੇ ਚਾਰ ਸੌ ਦੀ ਆਬਾਦੀ ਪਿੱਛੇ ਇਕ ਮੁਲਾਜ਼ਮ ਜਾਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਪੰਚਾਇਤ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ।
ਮਿਨੀ ਸਕੱਤਰੇਤ ਦੇ ਬਾਹਰ ਧਰਨੇ ’ਤੇ ਬੈਠੇ ਪੇਂਡੂ ਸਫਾਈ ਕਾਮਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਾਰੇ ਸਫਾਈ ਕਾਮਿਆਂ ਨੂੰ ਪੱਕਾ ਕੀਤਾ ਜਾਏ। ਜਦੋਂ ਤੱਕ ਸਫਾਈ ਕਾਮਿਆਂ ਨੂੰ ਪੱਕਾ ਕੀਤੇ ਜਾਣ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਦੋਂ ਤੱਕ ਘੱਟੋ ਘੱਟ 24 ਹਜ਼ਾਰ ਰੁਪਏ ਪ੍ਰਤੀ ਮਹੀਨਾ ਵੇਤਨ ਦਿੱਤਾ ਜਾਵੇ। ਸਾਲਾਨਾ ਤਨਖਾਹ ’ਚ ਵਾਧਾ ਕੀਤਾ ਜਾਏ ਤੇ ਇਸ ਨੂ ਮਹਿੰਗਾਈ ਦੇ ਹਿਸਾਬ ਨਾਲ ਵਧਾਇਆ ਜਾਏ। ਇਸ ਤੋਂ ਇਲਾਵਾ ਰਿਹਾਇਸ਼ ਲਈ ਪਿੰਡਾਂ ’ਚ ਸੌ ਗਜ ਦੇ ਪਲਾਟ ਤੇ ਮਕਾਨ ਬਣਾਉਣ ਲਈ ਕਰਜ਼ਾ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾਲ ਕੀਤੀਆਂ ਗਈਆਂ ਤਾਂ ਉਹ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸੁਰਿੰਦਰ ਸਿੰਘ ਤੇ ਰਣਜੀਤ ਸਿੰਘ ਸਮੇਤ ਅਨੇਕ ਪੇਂਡੂ ਸਫਾਈ ਕਾਮੇ ਮੌਜੂਦ ਸਨ।