ਰਤੀਆ (ਪੱਤਰ ਪ੍ਰੇਰਕ): ਨਗਰਪਾਲਿਕਾ ਕਰਮਚਾਰੀ ਸੰਘ ਦੇ ਫ਼ੈਸਲੇ ਤਹਿਤ ਨਗਰਪਾਲਿਕਾ ਕਰਮਚਾਰੀਆਂ ਨੇ ਅੱਜ ਦੂਜੇ ਦਿਨ ਵੀ ਹੜਤਾਲ ਕੀਤੀ। ਨਗਰਪਾਲਿਕਾ ਕਰਮਚਾਰੀ ਸੰਘ ਦੀ ਪ੍ਰਧਾਨ ਅੰਗੂਰੀ ਦੇਵੀ ਦੀ ਪ੍ਰਧਾਨਗੀ ਹੇਠ ਦੂਸਰੇ ਦਿਨ ਕਰਮਚਾਰੀ ਆਗੂ ਮੁਨੀਮ ਕੁਮਾਰ, ਸੰਨੀ ਕੁਮਾਰ, ਰਾਕੇਸ਼ ਕੁਮਾਰ, ਜਗਰੂਪ ਸਿੰਘ ਅਤੇ ਸਤਵੀਰ ਸਿੰਘ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਪ੍ਰਧਾਨ ਨੇ ਸਾਰੇ ਕਰਮਚਾਰੀਆਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨੂੰ ਮਾਲਾਵਾਂ ਭੇਟ ਕੀਤੀਆਂ ਅਤੇ ਇਸ ਉਪਰੰਤ ਸਰਕਾਰ ਦੀ ਵਾਅਦਾਖਿਲਾਫ਼ੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਉਪਰੰਤ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰਦੀ, ਤਦ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਬਜਾਏ ਨਵੇਂ ਪੱਧਰ ’ਤੇ ਕੌਸ਼ਲ ਰੁਜ਼ਗਾਰ ਨਿਗਮ ਬਣਾ ਦਿੱਤਾ ਹੈ, ਜਿਸ ਨੂੰ ਭੰਗ ਕਰਨ ਦੀ ਉਹ ਨਿਰੰਤਰ ਮੰਗ ਕਰ ਰਹੇ ਹਨ। ਉਨ੍ਹਾਂ ਦੀਆਂ ਅਜਿਹੀਆਂ ਅਨੇਕਾਂ ਸਮੱਸਿਆਵਾਂ ਹਨ, ਜੋ ਸਰਕਾਰ ਸਾਹਮਣੇ ਰੱਖੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਅਜੇ ਤੱਕ ਹੱਲ ਨਹੀਂ ਕੀਤਾ ਗਿਆ ਹੈ।