ਪੱਤਰ ਪ੍ਰੇਰਕ
ਰਤੀਆ, 23 ਅਕਤੂਬਰ
ਇੱਥੇ ਕਿਸਾਨਾਂ ਨੇ ਸ਼ਹਿਨਾਲ ਰੋਡ ਸਥਿਤ ਸਨਰਾਈਜ਼ ਰਾਈਸ ਮਿੱਲ ਵਿੱਚ ਉੱਤਰ ਪ੍ਰਦੇਸ਼ ਦਾ ਪਰਮਲ ਝੋਨਾ ਅਤੇ ਚੌਲ ਮੰਗਵਾ ਕੇ ਉਤਾਰਨ ਦੇ ਰੋਸ ਵਜੋਂ ਸ਼ੈੱਲਰ ਦਾ ਗੇਟ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਰਤੀਆ ਵਿਚ ਜ਼ਿਆਦਾਤਰ ਭਾਜਪਾ ਅਤੇ ਜਜਪਾ ਦੇ ਆਗੂ ਹਿੱਸੇਦਾਰੀ ’ਚ ਰਾਈਸ ਸ਼ੈੱਲਰ ਚਲਾ ਕੇ ਕਥਿਤ ਤੌਰ ’ਤੇ ਗੜਬੜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੈੱਲਰ ਵਿੱਚ ਪੁੱਜੇ ਝੋਨੇ ਦੇ ਭਰੇ ਟਰਾਲਿਆਂ ਬਾਰੇ ਸ਼ਿਕਾਇਤ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਜਾਂ ਕਿਸੇ ਅਧਿਕਾਰੀ ਤਰਫੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਵਾਰ ਵਾਰ ਸੂਚਨਾ ਤੋਂ ਬਾਅਦ ਚਾਰ ਘੰਟੇ ਵਿਚ ਸਿਰਫ ਸਕੱਤਰ ਤੋਂ ਇਲਾਵਾ ਕੋਈ ਅਧਿਕਾਰੀ ਅਤੇ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ। ਇਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਓ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਮਲਵਾਲਾ, ਸੂਬਾ ਮੀਤ ਪ੍ਰਧਾਨ ਬੇਗ ਰਾਜ ਫੁਲਾਂ, ਖਜ਼ਾਨਚੀ ਰਾਜਵਿੰਦਰ ਚਹਿਲ, ਸਾਬਕਾ ਜ਼ਿਲ੍ਹਾ ਪਾਰਸ਼ਦ ਰਾਮਚੰਦਰ ਸ਼ਹਿਨਾਲ ਤੇ ਕੇਵਲ ਸਿੰਘ ਨੇ ਦੱਸਿਆ ਕਿ ਰਤੀਆ ਵਿਚ ਵੱਡੇ ਪੱਧਰ ’ਤੇ ਯੂ.ਪੀ ਅਤੇ ਬਿਹਾਰ ਤੋਂ ਝੋਨਾ ਅਤੇ ਚੌਲ ਲਿਆ ਕੇ ਸ਼ੈੱਲਰਾਂ ਵਿਚ ਰੱਖਿਆ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦੇ ਨਾਲ ਨਾਲ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਤੀਆ ਵਿੱਚ ਅਜੇ 80 ਫੀਸਦੀ ਝੋਨੇ ਦੀ ਫਸਲ ਖੇਤਾਂ ਵਿਚ ਖੜ੍ਹੀ ਹੈ ਪਰ ਸ਼ੈੱਲਰ ਮਾਲਕ ਮਾਰਕੀਟ ਕਮੇਟੀ ਅਤੇ ਖਰੀਦ ਏਜੰਸੀਆਂ ਦੀ ਮਿਲੀਭੁਗਤ ਕਰ ਕੇ ਬਾਹਰ ਦਾ ਚੌਲ ਖਰੀਦ ਰਹੇ ਹਨ।
ਦੂਜੇ ਪਾਸੇ ਮਿੱਲ ਦੇ ਗੇਟ ਅੱਗੇ ਲੱਗੇ ਧਰਨੇ ਵਿੱਚ ਸ਼ੈੱਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਜਿੰਦਲ, ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਰਮੇਸ਼ ਗਰਗ ਹੋਰ ਵਪਾਰੀ ਵੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਹੋਈ। ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਓ ਦੇ ਸੂਬਾ ਖਜ਼ਾਨਚੀ ਰਾਜਵਿੰਦਰ ਚਹਿਲ ਨੇ ਦੱਸਿਆ ਕਿ ਸ਼ੈੱਲਰ ਮਾਲਕ ਵਲੋਂ ਗਲਤੀ ਮੰਨਣ ਅਤੇ ਅੱਗੇ ਤੋਂ ਬਾਹਰੋਂ ਝੋਨਾ ਨਾ ਮੰਗਵਾਉਣ ਦੇ ਭਰੋਸੇ ਤੋਂ ਬਾਅਦ ਪੰਚਾਇਤੀ ਤੌਰ ’ਤੇ ਡੇਢ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਪ੍ਰਸ਼ਾਸਨ ਆਪਣੀ ਕਾਰਵਾਈ ਵੱਖ ਤੋਂ ਕਰੇਗਾ। ਇਸ ਸਬੰਧੀ ਮਿਲ ਮਾਲਕ ਪਾਰਸ ਸਿੰਗਲਾ ਦਾ ਕਹਿਣਾ ਕਿ ਉਨ੍ਹਾਂ ਇਸ ਵਾਰ ਨਵਾਂ ਸ਼ੈੱਲਰ ਸ਼ੁਰੂ ਕੀਤਾ ਹੈ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਬਾਹਰੋਂ ਝੋਨਾ ਮੰਗਵਾ ਸਕਦੇ ਹਨ ਜਾਂ ਨਹੀਂ। ਉਨ੍ਹਾਂ ਆਪਣੀ ਗਲਤੀ ਮੰਨ ਲਈ ਹੈ, ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਜਿੰਦਲ ਨੇ ਕਿਹਾ ਕਿ ਸ਼ੈੱਲਰ ਮਾਲਕ ਨੇ ਗਲਤੀ ਮੰਨ ਲਈ ਹੈ। ਮਾਰਕੀਟ ਕਮੇਟੀ ਦੇ ਸਕੱਤਰ ਮੇਜਰ ਸਿੰਘ ਨੇ ਕਿਹਾ ਕਿ ਉਹ ਮੌਕੇ ’ਤੇ ਗਏ ਸਨ। ਕਮੇਟੀ ਨੇ ਇਸ ਮਾਮਲੇ ਵਿਚ ਸ਼ੈੱਲਰ ਮਾਲਕ ਖਿਲਾਫ਼ 81 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।