ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਸਤੰਬਰ
ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਸੱਦੇ ’ਤੇ ਅੰਬਾਲਾ ਵਿੱਚ ਕਿਸਾਨਾਂ ਨੇ ਨੰਗੇ ਧੜ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੁਪਰੀਮ ਕੋਰਟ ਅਤੇ ਹਰਿਆਣਾ ਸਰਕਾਰ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ। ਉਨ੍ਹਾਂ ਮੰਗ ਕੀਤੀ ਕਿ ਦੇਹ ਸ਼ਾਮਲਾਤ ਜੁਮਲਾ ਮਾਲਕਾਨ ਜ਼ਮੀਨਾਂ ਦਾ ਹੱਕ ਕਿਸਾਨਾਂ ਨੂੰ ਦਿੱਤਾ ਜਾਵੇ ਅਤੇ ਗਿਰਦਾਵਰੀ ਕਰਾਉਣ ਦੇ ਨਾਲ ਨਾਲ 6 ਮਹੀਨਿਆਂ ਤੱਕ ਬੈਂਕਾਂ ਦੀਆਂ ਕਿਸ਼ਤਾਂ ਅੱਗੇ ਪਾਈਆਂ ਜਾਣ। ਕਿਸਾਨ ਸ਼ਹਿਰ ਵਿੱਚ ਘੁੰਮਦੇ ਹੋਏ ਡੀਸੀ ਦਫ਼ਤਰ ਪਹੁੰਚੇ ਅਤੇ ਧਰਨਾ ਦਿੰਦਿਆਂ ਮੁੱਖ ਮੰਤਰੀ ਮਨੋਹਰ ਲਾਲ ਦੇੇ ਨਾਂ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਨੋਟਿਸ ਨਾ ਲਿਆ ਤਾਂ ਉਹ ਵੱਡਾ ਅੰਦੋਲਨ ਕਰਨਗੇ।