ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਅਗਸਤ
ਰਾਜਸਥਾਨ ਦੇ ਜਾਲੌਰ ’ਚ ਨੌਂ ਸਾਲਾ ਇੰਦਰ ਮੇਘਵਾਲ ਦੇ ਕਤਲ ਮਾਮਲੇ ਸਬੰਧੀ ਬਹੁਜਨ ਸਮਾਜ ਪਾਰਟੀ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਰਾਜਸਥਾਨ ਦੇ ਰਾਜਪਾਲ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਰਾਜਸਥਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਬਸਪਾ ਆਗੂ ਤੇ ਵਰਕਰ ਅੱਜ ਬਾਬਾ ਭੀਮਰਾਓ ਅੰਬੇਡਕਰ ਚੌਕ ’ਤੇ ਇਕੱਠੇ ਹੋਏ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਰਾਜਸਥਾਨ ਵਿੱਚ ਜਾਤੀਵਾਦ ਦਾ ਬੋਲਬਾਲਾ ਲਗਾਤਾਰ ਵਧ ਰਿਹਾ ਹੈ। ਜਾਲੌਰ ’ਚ ਇਕ ਨੌਂ ਸਾਲ ਦੇ ਬੱਚੇ ਵੱਲੋਂ ਸਕੂਲ ਦੇ ਮਾਸਟਰ ਦੇ ਘੜੇ ’ਚੋਂ ਪਾਣੀ ਪੀਣ ’ਤੇ ਉਸ ਦੀ ਏਨੀ ਕੁੱਟਮਾਰ ਕੀਤੀ ਗਈ ਕਿ ਬੱਚੇ ਦੀ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਵੱਲੋਂ ਰਾਜਪਾਲ ਦੇ ਨਾਂ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪੀੜਤ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਏ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ। ਇਸ ਮੌਕੇ ਲੀਲੂ ਰਾਮ, ਵਿਜੈ ਜਲੌਹਾ, ਰੋਹਿਤ ਗਰਵਾ, ਬੰਸੀ ਲਾਲ, ਰੋਹਤਾਸ਼ ਮੇਹਰਾ, ਰਾਮ ਸਿੰਘ, ਪ੍ਰਦੀਪ ਕਾਗਦਾਣਾ, ਪੰਨਾ ਲਾਲ ਬਰੋੜ, ਸੁਭਾਸ਼ ਦਮਦਮਾ, ਪਵਨ ਆਦਿ ਸਮੇਤ ਅਨੇਕ ਲੋਕ ਮੌਜੂਦ ਸਨ।