ਗੁਰਦੀਪ ਸਿੰਘ ਭੱਟੀ
ਟੋਹਾਣਾ, 29 ਜੂਨ
ਹਰਿਆਣਾ ਸਰਕਾਰ ਵੱਲੋਂ ਜ਼ਮੀਨ ਦੀ ਖਰੀਦ ਤੇ ਵਿਕਰੀ ਲਈ ਪ੍ਰਾਪਰਟੀ ਆਈਡੀ ਦੇ ਬਣਾਏ ਨਵੇਂ ਕਾਨੂੰਨ ਆਮ ਲੋਕਾਂ ਲਈ ਸਿਰ ਦਰਦੀ ਸਾਬਤ ਹੋ ਰਹੇ ਹਨ। ਕਈ-ਕਈ ਮਹੀਨਿਆਂ ਤੋਂ ਪ੍ਰਾਪਰਟੀ ਆਈਡੀ ਬਣਾਉਣ ਲਈ ਦਫ਼ਤਰਾਂ ਵਿੱਚ ਚੱਕਰ ਮਾਰ ਰਹੇ ਲੋਕਾਂ ਦੀ ਸੁਣਵਾਈ ਨਾ ਹੋਣ ਕਾਰਨ ਅੱਜ ਪ੍ਰਾਪਰਟੀ ਡੀਲਰ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਪਹਿਲਾਂ ਨਗਰ ਪਰਿਸ਼ਦ ਟੋਹਾਣਾ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਤੇ ਉਪਰੰਤ ਹਿਸਾਰ-ਚੰਡੀਗਡ੍ਹ ਰੋਡ ’ਤੇ ਨਗਰ ਪਰਿਸ਼ਦ ਗੇਟ ’ਤੇ ਧਰਨਾ ਲਾ ਕੇ ਆਵਾਜਾਹੀ ਠੱਪ ਕਰ ਦਿੱਤੀ। ਇਸ ਦੌਰਾਨ ਧਰਨੇ ’ਤੇ ਬੈਠੇ ਜਥੇਬੰਦੀ ਦੇ ਪ੍ਰਧਾਨ ਆਜ਼ਾਦ ਕਿਨਰਾ, ਅਵਿਨਾਸ਼ ਵਾਲੀਆ, ਰਾਜੀਵ ਗੁਪਤਾ, ਨਿਰਮਲ ਸਿੰਘ, ਸਚਿਨ ਕੁਮਾਰ ਤੇ ਪਵਨ ਬਾਂਸਲ ਨੇ ਦੋਸ਼ ਲਾਇਆ ਕਿ ਨਗਰ ਪਰਿਸ਼ਦ ਅਧਿਕਾਰੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ’ਤੇ ਪਛਾਣ ਪੱਤਰ ਬਣਾਉਣ ਬਦਲੇ ਰਿਸ਼ਵਤ ਮੰਗਣ ਦੇ ਵੀ ਦੋਸ਼ ਲਾਏ।
ਉਧਰ ਆਵਾਜਾਈ ਠੱਪ ਹੋਣ ਮਗਰੋਂ ਮੌਕੇ ’ਤੇ ਪੁੱਜੀ ਐੱਸ.ਐੱਚ.ਓ ਸੁਰਿੰਦਰ ਕੰਬੋਜ ਦੀ ਪੁਲੀਸ ਟੀਮ ਨੂੰ ਡੀਲਰਾਂ ਨੇ ਕਿਹਾ ਕਿ ਨਗਰ ਪਰਿਸ਼ਦ ਦੀ ਹਰ ਮੇਜ਼ ’ਤੇ ਪੈਸੇ ਬਿਨਾ ਫਾਈਲ ਅੱਗੇ ਨਹੀਂ ਤੋਰੀ ਜਾਂਦੀ। ਇਸ ਸਬੰਧੀ ਨਗਰ ਪਰਿਸ਼ਦ ਸਕੱਤਰ ਪੰਕਜ ਗੁੱਜਰ ਨੇ ਦੱਸਿਆ ਕਿ ਟੋਹਾਣਾ ਨਗਰ ਪਰਿਸ਼ਦ ਦਾ ਵਾਧੂ ਚਾਰਜ ਉਨ੍ਹਾਂ ਕੋਲ ਹੈ ਤੇ ਉਹ ਹਫ਼ਤੇ ਵਿੱਚ ਦੋ ਦਿਨ ਇਥੇ ਆਉਂਦੇ ਹਨ, ਸਾਰੇ ਕੰਮ ਨਬਿੇੜ ਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਕਾਇਆ ਫਾਈਲਾਂ ਦਾ ਛੇਤੀ ਨਬਿੇੜਾ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਦੁਪਹਿਰ ਬਾਅਦ ਡੀਲਰਾਂ ਨੇ ਧਰਨਾ ਚੁੱਕ ਦਿੱਤਾ। ਜ਼ਿਕਰਯੋਗ ਹੈ ਕਿ ਧਰਨੇ ਕਰਕੇ ਲੱਗੇ ਜਾਮ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਹ ਗਰਮੀ ਵਿੱਚ ਬੇਹਾਲ ਨਜ਼ਰ ਆਏ।