ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਅਗਸਤ
ਭਾਜਪਾ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਕੱਟਣ ਵਿਰੁੱਧ ਅੱਜ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਜ਼ਿਲ੍ਹਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਗੂ ਪ੍ਰਕਾਸ਼ ਭਾਰਤੀ ਦੀ ਅਗਵਾਈ ਵਿਚ ਮੁਜ਼ਾਹਰਾ ਕੀਤਾ ਅਤੇ ਡੀਸੀ ਰਾਹੀਂ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ। ਸ੍ਰੀ ਭਾਰਤੀ ਨੇ ਕਿਹਾ ਕਿ ਚੌਧਰੀ ਦੇਵੀ ਲਾਲ ਨੇ 1987 ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ ਸੀ ਤਾਂ ਕਿ ਉਨ੍ਹਾਂ ਦਾ ਪਰਿਵਾਰ ਵਿਚ ਮਾਣ-ਸਨਮਾਨ ਬਣਿਆ ਰਹੇ। ਇਸ ਲਈ ਇਸ ਯੋਜਨਾ ਦਾ ਨਾਮ ਵੀ ਬੁਢਾਪਾ ਸਨਮਾਨ ਪੈਨਸ਼ਨ ਯੋਜਨਾ ਰੱਖਿਆ ਗਿਆ ਸੀ ਅਤੇ ਇਸ ਲਈ ਆਮਦਨ ਦੀ ਸੀਮਾ ਜਾਂ ਕੋਈ ਹੋਰ ਸ਼ਰਤ ਵੀ ਨਹੀਂ ਸੀ ਰੱਖੀ ਗਈ ਪਰ ਮੌਜੂਦਾ ਗੱਠਜੋੜ ਦੀ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਵਿਚ ਦੱਸੀ ਗਈ ਆਮਦਨ ਨੂੰ ਆਧਾਰ ਮੰਨ ਕੇ ਬਜ਼ੁਰਗਾਂ ਦੀ ਪੈਨਸ਼ਨ ਵਿਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸ ਨਾਲ ਇਹ ਸਨਮਾਨ ਪੈਨਸ਼ਨ, ਅਪਮਾਨ ਪੈਨਸ਼ਨ ਬਣ ਗਈ ਹੈ। ਇਸ ਮੌਕੇ ਜਗਮਾਲ ਰੌਲੋਂ, ਲਾਲੀ ਭਾਨੋਖੇੜੀ, ਕ੍ਰਿਸ਼ਨ ਰਾਣਾ, ਉਂਕਾਰ ਸਿੰਘ, ਲੱਕੀ ਨਗੌਲੀ, ਚਰਨਜੀਤ ਮੌਹੜੀ, ਜਸਵਿੰਦਰ ਸਕਰਾਹੋਂ, ਸ਼ਸ਼ੀ ਕੇਸਰੀ, ਅਮਨਦੀਪ ਕੇਸਰੀ, ਇੰਦਰਜੀਤ ਬਲਾਣਾ ਆਦਿ ਹਾਜ਼ਰ ਸਨ।