ਪੰਚਕੂਲਾ (ਪੀ.ਪੀ. ਵਰਮਾ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਵੱਲੋਂ ਧਰਨੇ ਚੁੱਕਣ ਦੇ ਫੈ਼ਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਕਿਸਾਨਾਂ ’ਤੇ ਦਰਜ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਵੀ ਆਰੰਭੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇੱਥੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ 15ਵੀਂ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਜੋ ਸੂਚੀ ਕਿਸਾਨਾਂ ਵੱਲੋਂ ਦਿੱਤੀ ਗਈ ਹੈ, ਉਸ ਦੀ ਪੁਲੀਸ ਵਿਭਾਗ ਵੱਲੋਂ ਤਸਦੀਕ ਕੀਤੀ ਜਾਵੇਗੀ। ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਾਰੇ ਡੀਸੀ, ਐੱਸਪੀ ਤੇ ਸਬੰਧਤ ਅਧਿਕਾਰੀ ਮਿਲ ਕੇ ਰਿਪੋਰਟ ਤਿਆਰ ਕਰਨਗੇ ਕਿ ਕਿੰਨੇ ਕੇਸ ਤੁਰੰਤ ਵਾਪਸ ਲਏ ਜਾ ਸਕਦੇ ਹਨ ਤੇ ਜੋ ਕੇਸ ਅਦਾਲਤ ਜਾ ਚੁੱਕੇ ਹਨ, ਉਨ੍ਹਾਂ ਨੂੰ ਵੱਖ-ਵੱਖ ਸਮੇਂ ’ਤੇ ਵਾਪਸ ਲਏ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਟੌਲ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਛੇਤੀ ਹੀ ਟੌਲ ਪਲਾਜ਼ੇ ਖੁੱਲ੍ਹ ਜਾਣਗੇ ਤੇ ਟੌਲ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ।