ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਮਾਰਚ
ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਨੇ ਦੱਸਿਆ ਕਿ ਹਰਿਆਣਾ ਦੇ ਪੰਜਾਬੀ ਸਾਹਿਤਕਾਰਾਂ ਦੇ ਇਨਾਮਾਂ ਦੀ ਬਕਾਇਆ ਰਕਮ ਜਲਦੀ ਹੀ ਅਦਾ ਕੀਤੀ ਜਾਵੇਗੀ। ਉਹ ਅੱਜ ਅੰਬਾਲਾ ਸ਼ਹਿਰ ਦੇ ਪੀਕੇਆਰ ਜੈਨ ਗਰਲਜ਼ ਸਕੂਲ ਵਿਚ ਹਿਊਮਨ ਫਾਊਂਡੇਸ਼ਨ ਦੇ ਐਵਾਰਡ ਵੰਡ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੱਜੇ ਸਨ।
ਇਸ ਮੌਕੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 2013 ਤੋਂ 2019 ਤੱਕ ਹਰਿਆਣਾ ਦੇ ਸਾਹਿਤਕਾਰਾਂ ਨੂੰ ਮਿਲਣ ਵਾਲੇ ਸਾਲਾਨਾ ਐਵਾਰਡ ਤਾਂ ਐਲਾਨੇ ਗਏ ਸਨ, ਪਰ ਅਕੈਡਮੀ ਕੋਲ ਫੰਡਾਂ ਦੀ ਘਾਟ ਕਰ ਕੇ ਨਕਦ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਜਾ ਸਕਿਆ। ਹੁਣ ਉਨ੍ਹਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲੋਂ ਇਕ ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਮਨਜ਼ੂਰ ਕਰਵਾਇਆ ਹੈ। ਬਜਟ ਸੈਸ਼ਨ ਮਗਰੋਂ ਹਰਿਆਣਾ ਦੇ ਗਵਰਨਰ ਵੱਲੋਂ ਤਾਰੀਖ਼ ਮਿਲਦਿਆਂ ਹੀ 15-20 ਦਿਨਾਂ ਤੱਕ ਗਵਰਨਰ ਹਾਊਸ ਵਿਚ ਸਮਾਗਮ ਕਰ ਕੇ ਇਹ ਰਾਸ਼ੀ ਵੰਡੀ ਜਾਵੇਗੀ। ਫਿਲਹਾਲ 2013 ਤੋਂ 2016 ਦੇ 47 ਐਵਾਰਡੀਆਂ ਨੂੰ ਇਨਾਮ ਦਿੱਤੇ ਜਾਣਗੇ। 2017 ਤੋਂ 2020 ਤੱਕ ਦੇ ਇਨਾਮ ਵੀ ਜਲਦੀ ਦਿੱਤੇ ਜਾਣਗੇ। ਸ੍ਰੀ ਧਮੀਜਾ ਨੇ ਕਿਹਾ ਕਿ ਚਾਰ ਸਾਲਾਂ ਦੀ ਐਵਾਰਡੀ ਰਕਮ ਲਗਪਗ 32 ਲੱਖ ਰੁਪਏ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਹ ਮੁੱਖ ਮੰਤਰੀ ਨੂੰ ਪੁਰਾਣੇ ਹੋ ਚੁੱਕੇ ਐਵਾਰਡਾਂ ਦੀ ਰਕਮ ਵਧਾ ਕੇ ਦੇਣ ਲਈ ਰਾਜੀ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ ਅਕੈਡਮੀ ਦਾ ਬਜਟ ਇਕ ਕਰੋੜ ਤੋਂ ਡੇੜ੍ਹ ਕਰੋੜ ਕਰਾਇਆ ਸੀ ਅਤੇ ਇਸ ਵੇਰ ਉਨ੍ਹਾਂ ਨੇ 4.60 ਕਰੋੜ ਦੀ ਮੰਗ ਕੀਤੀ ਹੈ ਅਤੇ ਉਮੀਦ ਜਤਾਈ ਕਿ 3-3.50 ਕਰੋੜ ਦੇ ਕਰੀਬ ਤਾਂ ਮਿਲ ਹੀ ਜਾਵੇਗਾ।
ਵੱਧ ਸਕਦੀ ਹੈ ਐਵਾਰਡ ਰਾਸ਼ੀ
ਅਕੈਡਮੀ ਦੇ ਡਿਪਟੀ ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਆਲੇ-ਦੁਆਲੇ ਸੂਬਿਆਂ ਵੱਲੋਂ ਦਿੱਤੇ ਜਾਣ ਵਾਲੇ ਐਵਾਰਡਾਂ ਦੀਆਂ ਰਕਮਾਂ ਦਾ ਪਤਾ ਕਰ ਕੇ ਇਕ ਤੁਲਨਾਤਮਕ ਚਾਰਟ ਤਿਆਰ ਕੀਤਾ ਜਾਵੇ ਤਾਂ ਜੋ ਹਰਿਆਣਾ ਪੁਰਸਕਾਰਾਂ ਦੀ ਰਕਮ ਵਧਾ ਕੇ ਦੇਣ ਵਿਚ ਬਾਕੀ ਸੂਬਿਆਂ ਨਾਲੋਂ ਅੱਗੇ ਰਹੇ। ਉਨ੍ਹਾਂ ਦੱਸਿਆ ਕਿ ਇੱਕ ਚਾਰਟ ਬਣਾ ਕੇ ਮੁੱਖ ਮੰਤਰੀ ਨੂੰ ਦਿੱਤਾ ਗਿਆ ਹੈ।