ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਮਾਰਚ
ਨਵ-ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਅੰਬਾਲਾ ਦੇ ਨਇਆ ਗਾਂਵ ਕ੍ਰਿਸ਼ਨਾ ਕਾਲੋਨੀ ਵਿਚ ਆਪਣੇ ਪੇਕੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਛਾਣ ਜਲਧਾਰਾ ਵਜੋਂ ਹੋਈ ਹੈ। ਉਸ ਦਾ ਵਿਆਹ ਦਸ ਮਹੀਨੇ ਪਹਿਲਾਂ ਰਾਜੂ ਵਾਸੀ ਮਢਾਵਾਲਾ ਪਿੰਜੌਰ ਨਾਲ ਹੋਇਆ ਸੀ ਅਤੇ ਉਹ ਸੱਤ ਮਹੀਨਿਆਂ ਦੀ ਗਰਭਵਤੀ ਸੀ। ਪਤਨੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਚਾਰ ਘੰਟੇ ਬਾਅਦ ਉਸ ਦੇ ਪਤੀ ਨੇ ਵੀ ਫਾਹਾ ਲੈ ਲਿਆ। ਵਿਆਹੁਤਾ ਦੇ ਪਿਤਾ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਦਾ ਸੀ। ਰਾਜੂ ਤੇ ਉਸ ਦੀ ਮਾਂ ਸਰਸਵਤੀ ਦਾਜ ਲਿਆਉਣ ਲਈ ਜਲਧਾਰਾ ਨੂੰ ਮਾਰਦੇ-ਕੁੱਟਦੇ ਸਨ। ਕੁੱਟਮਾਰ ਤੋਂ ਤੰਗ ਆ ਕੇ ਉਹ 15 ਦਿਨ ਪਹਿਲਾਂ ਹੀ ਜਲਧਾਰਾ ਨੂੰ ਪੇਕੀਂ ਲੈ ਆਏ ਸਨ। ਮ੍ਰਿਤਕ ਜਲਧਾਰਾ ਦੇ ਪਿਤਾ ਹੇਤ ਰਾਮ ਦੀ ਸ਼ਿਕਾਇਤ ’ਤੇ ਅੰਬਾਲਾ ਸ਼ਹਿਰੀ ਪੁਲੀਸ ਨੇ ਪਤੀ ਰਾਜੂ ਤੇ ਸੱਸ ਸਰਸਵਤੀ ਖ਼ਿਲਾਫ਼ ਧਾਰਾ 304ਏ ਤਹਿਤ ਕੇਸ ਦਰਜ ਕੀਤਾ ਹੈ।