ਪੱਤਰ ਪ੍ਰੇਰਕ
ਡੱਬਵਾਲੀ, 7 ਮਾਰਚ
ਜ਼ਿਲ੍ਹਾ ਸਿਰਸਾ ਪੁਲੀਸ ਦੇ ‘ਅਪਰੇਸ਼ਨ ਕਲੀਨ’ ਤਹਿਤ ਪਿੰਡ ਦੇਸੂਜੋਧਾ ਵਿੱਚ ਸਥਿਤ ਇੱਕ ਢਾਣੀ ਵਿੱਚੋਂ ਦੋ ਵਿਅਕਤੀਆਂ ਨੂੰ ਕਰੀਬ 50 ਲੱਖ ਰੁਪਏ ਦੀ 12.20 ਕੁਇੰਟਲ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਜੇ ਕੱਲ੍ਹ ਹੀ ਡੀ.ਐੱਸ.ਪੀ. ਡੱਬਵਾਲੀ ਦੀ ਅਗਵਾਈ ਹੇਠ ਚਾਰ ਥਾਣਿਆਂ ਦੀ ਪੁਲਿਸ ਨੇ ਦੇਸੂਜੋਧਾ ਵਿਖੇ ਕਰੀਬ ਸਾਢੇ 13 ਸੌ ਘਰਾਂ ਵਿੱਚ ਪੜਤਾਲੀਆ ਮੁਹਿੰਮ ਵਿੱਢੀ ਸੀ। ਉਸ ਸਮੇਂ ਕੁੱਝ ਬਰਾਮਦ ਨਹੀਂ ਹੋਇਆ ਸੀ। ਲਗਪਗ ਇੱਕ ਦਰਜਨ ਮਕਾਨ ਤਾਲਾਬੰਦ ਮਿਲੇ ਸਨ। ਦੇਸੂਜੋਧਾ ਦੇ ਪੌਨੇ ਦੋ ਸੌ ਪਰਿਵਾਰਾਂ ਦੇ 185 ਮੈਂਬਰ ਨਸ਼ਾ ਤਸਕਰੀ, ਲੁੱਟ, ਡਾਕਿਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਿਰਸਾ ਦੇ ਪੁਲੀਸ ਮੁਖੀ ਅਰਪਿਤ ਜੈਨ ਦੀ ਹਦਾਇਤ ’ਤੇ ਦੇਸੂ ਜੋਧਾ ਪਿੰਡ ਨੂੰ ਨਸ਼ਾ ਅਤੇ ਅਪਰਾਧ ਮੁਕਤ ਕਰਨ ਲਈ ਡੀਐੱਸਪੀ ਕੁਲਦੀਪ ਬੈਣੀਵਾਲ ਨੇ ਗੋਦ ਲਿਆ ਹੈ । ਅੱਜ ਦੇਰ ਸ਼ਾਮ ਡੀ.ਐੱਸ.ਪੀ. ਡੱਬਵਾਲੀ ਕੁਲਦੀਪ ਸਿੰਘ ਬੈਨੀਵਾਲ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸੀ.ਆਈ.ਏ. ਕਾਲਾਂਵਾਲੀ ਦੇ ਮੁਖੀ ਰਾਜਪਾਲ ਸਿੰਘ ਨੂੰ ਪਿੰਡ ਦੇਸੂਜੋਧਾ ਦੀ ਇੱਕ ਢਾਣੀ ‘ਚ ਭਾਰੀ ਮਾਤਰਾ ਵਿੱਚ ਡੋਡਾ ਚੂਰਾ ਪੋਸਤ ਲੁਕੋ ਕੇ ਰੱਖਣ ਦੀ ਸੂਹ ਮਿਲੀ ਸੀ। ਪੁਲੀਸ ਨੇ ਤੁਰੰਤ ਛਾਪਾ ਮਾਰ ਕੇ ਮੌਕੇ ’ਤੇ 12.20 ਕੁਇੰਟਲ ਡੋਡਾ ਚੂਰਾ ਪੋਸਤ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਡੋਡਾ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਣਦੀਪ ਉਰਫ ਕਾਲੀ ਅਤੇ ਰਛਪਾਲ ਸਿੰਘ ਉਰਫ ਗੱਗਾ ਵਜੋਂ ਹੋਈ ਹੈ। ਮੁੱਢਲੀ ਪੜਤਾਲ ਮੁਤਾਬਕ ਮੁਲਜ਼ਮ ਡੋਡਾ ਪੋਸਤ ਰਾਜਸਥਾਨ ਤੋਂ ਲਿਆਏ ਸਨ। ਡੀ.ਐੱਸ.ਪੀ ਨੇ ਦੱਸਿਆ ਕਿ ਸਿਟੀ ਥਾਣਾ ਡੱਬਵਾਲੀ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।